ਚੰਡੀਗੜ੍ਹ: ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਹਵਾਰਾ ਅਗਸਤ 1995 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੰਬ ਧਮਾਕੇ ਵਿੱਚ ਕਤਲ ਤੇ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦੇ ਮਾਮਲਿਆਂ 'ਚ ਮੁਲਜ਼ਮ ਸੀ।

ਅਦਾਲਤ ਨੇ ਆਦੇਸ਼ ਵਿੱਚ ਕਿਹਾ ਕਿ ਹਵਾਰਾ ਖ਼ਿਲਾਫ਼ ਵੱਖ-ਵੱਖ ਥਾਵਾਂ ’ਤੇ 37 ਕੇਸ ਦਰਜ ਕੀਤੇ ਗਏ ਹਨ ਤੇ ਉਸ ਨੂੰ ਕਈ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ਖਿਲਾਫ ਸੀਆਰਪੀਸੀ ਦੀ ਧਾਰਾ 268 ਲਾਈ ਹੈ। ਇਸ ਤਹਿਤ ਉਸ ਨੂੰ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਤੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।

ਇਸ ਤੋਂ ਪਹਿਲਾਂ ਵੀ ਹਵਾਰਾ ਨੇ ਜ਼ਿਲ੍ਹਾ ਅਦਾਲਤ 'ਚ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਸੀ ਤੇ ਅਪੀਲ ਕੀਤੀ ਸੀ ਕਿ ਉਸ ਖ਼ਿਲਾਫ਼ ਕੇਸ ਵਿੱਚ ਲੰਬੇ ਸਮੇਂ ਤੋਂ ਸੁਣਵਾਈ ਪੇਂਡਿੰਗ ਹੈ ਤੇ ਉਹ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਹੀ ਹੈ। ਅਜਿਹੇ ਵਿੱਚ ਉਸਨੂੰ ਜ਼ਮਾਨਤ ਦਿੱਤੀ ਜਾਵੇ।

ਹਵਾਰਾ ਨੇ ਤਿਹਾੜ ਜੇਲ੍ਹ ਤੋਂ ਪੈਰੋਲ ਲੈਣ ਦੇ ਦੋ ਮਾਮਲਿਆਂ ਵਿੱਚ ਜ਼ਮਾਨਤ ਮੰਗੀ ਸੀ। ਕਾਨੂੰਨ ਅਨੁਸਾਰ, ਉਹ ਉਸ ਸਮੇਂ ਪੈਰੋਲ ਲੈ ਸਕਦਾ ਹੈ ਜਦੋਂ ਉਸ ਖਿਲਾਫ ਸਾਰੇ ਕੇਸ ਖਤਮ ਹੋ ਗਏ ਹੋਣ। ਹਵਾਰਾ ਖਿਲਾਫ ਸਾਬਕਾ ਸੀਐਮ ਬੇਅੰਤ ਸਿੰਘ ਦੀ ਹੱਤਿਆ ਤੇ ਦੂਜਾ ਕੇਸ ਦੇਸ਼ ਵਿਰੁੱਧ ਜੰਗ ਦੀ ਤਿਆਰੀ, ਸਾਜ਼ਿਸ਼ ਰਚਣ, ਸੈਨਾ ਬਣਾਉਣ ਤੇ ਹਥਿਆਰ ਇਕੱਠੇ ਕਰਨ ਦਾ ਹੈ। ਦੋਵੇਂ ਕੇਸ ਅਜੇ ਵੀ ਜ਼ਿਲ੍ਹਾ ਅਦਾਲਤ ਵਿੱਚ ਵਿਚਾਰ ਅਧੀਨ ਹਨ।

ਹਵਾਰਾ ਨੰ ਦਿੱਲੀ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ
ਬੇਅੰਤ ਸਿੰਘ ਕਤਲ ਕਾਂਡ ਤੋਂ ਬਾਅਦ ਹਵਾਰਾ ਨੂੰ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ 2004 ਵਿੱਚ, ਉਹ ਆਪਣੇ ਸਾਥੀਆਂ ਸਮੇਤ ਬੁੜੈਲ ਜੇਲ੍ਹ ਵਿੱਚ ਸੁਰੰਗ ਬਣਾ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਨੂੰ ਕੁਝ ਮਹੀਨਿਆਂ ਬਾਅਦ ਉਥੇ ਇੱਕ ਸਿਨੇਮਾ ਹਾਲ ਵਿੱਚ ਹੋਏ ਬੰਬ ਧਮਾਕੇ ਦੇ ਕੇਸ ਵਿੱਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।