ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਦੇ ਖਾਤਮੇ ਲਈ ਲੋਕ ਕਰੀਬ ਪਿਛਲੇ 10 ਮਹੀਨੇ ਤੋਂ ਟੀਕਾਕਰਨ ਦਾ ਇੰਤਜ਼ਾਰ ਕਰ ਰਹੇ ਸੀ। ਭਾਰਤ ਵਿੱਚ 16 ਜਨਵਰੀ ਨੂੰ ਇਹ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਪਰ ਮੰਗਲਵਾਰ ਨੂੰ ਟੀਕਾਕਰਨ ਦੇ ਤੀਜੇ ਦਿਨ ਰਿਪੋਰਟਾਂ ਆਉਣ ਲੱਗੀਆਂ ਹਨ ਕਿ ਵੈਕਸੀਨ ਦੀ ਬਰਬਾਦੀ ਹੋ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਇੱਕ ਕੋਰੋਨਾ ਟੀਕਾ ਯਾਨੀ ਇੱਕ ਸ਼ੀਸ਼ੀ  (5 ml) ਨਾਲ 10 ਲੋਕਾਂ ਨੂੰ ਖੁਰਾਕ ਦਿੱਤੀ ਜਾ ਸਕਦੀ ਹੈ।

ਜੇਕਰ ਇਹ ਥੋੜ੍ਹੀ ਬਹੁਤ ਬਚ ਵੀ ਜਾਂਦੀ ਹੈ ਤਾਂ ਇਸ ਨੂੰ ਸੁੱਟਿਆ ਨਹੀਂ ਜਾ ਸਕਦਾ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਸਥਾਨਾਂ ਤੇ ਪਹੁੰਚ ਰਹੇ ਕਰਮਚਾਰੀਆਂ ਦੀ ਘੱਟ ਗਿਣਤੀ ਤੇ ਕਈ ਥਾਵਾਂ ਤੇ ਟੀਕੇ ਲਗਾਉਣ ਵਾਲਿਆਂ ਦੀ ਲੋੜੀਂਦੀ ਗਿਣਤੀ ਨਾ ਹੋਣ ਕਾਰਨ ਖੁਰਾਕ ਬਰਬਾਦ ਕੀਤੀ ਜਾ ਰਹੀ ਹੈ। ਇਸ ਵਿੱਚ ਸਭ ਤੋਂ ਪਹਿਲਾ ਨੰਬਰ ਪੰਜਾਬ ਦਾ ਹੈ। ਪੰਜਾਬ ਵਿੱਚ ਕੋਰੋਨਾ ਵੈਕਸੀਨ ਦੀ ਸਭ ਤੋਂ ਵੱਧ ਬਰਬਾਦੀ ਹੋ ਰਹੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ 247 ਡੋਜ਼ ਦੀ ਬਰਬਾਦੀ ਹੋ ਚੁੱਕੀ ਹੈ। ਪੰਜਾਬ ਵਿੱਚ ਟੀਕਾਕਰਨ ਮੁਹਿੰਮ ਦੀ ਰਫਤਾਰ ਬਹੁਤ ਹੌਲੀ ਹੈ। ਰਾਜ ਵਿੱਚ ਤਿੰਨ ਦਿਨਾਂ ਵਿੱਚ 247 ਖੁਰਾਕਾਂ ਦਾ ਨੁਕਸਾਨ ਹੋਇਆ ਹੈ। ਸਿਹਤ ਕਰਮਚਾਰੀ ਟੀਕਾ ਲਗਵਾਉਣ ਤੋਂ ਪਿੱਛੇ ਹਟ ਗਏ ਹਨ। ਅੰਮ੍ਰਿਤਸਰ ਵਿੱਚ 39, ਪਟਿਆਲੇ 'ਚ 52, ਫਰੀਦਕੋਟ 'ਚ 36, ਸੰਗਰੂਰ 'ਚ 19, ਮੋਗਾ ਅਤੇ ਬਠਿੰਡਾ ਵਿਚ 16-16, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ 13-13, ਫਤਿਹਗੜ ਸਾਹਿਬ ਵਿਚ 12, ਜਲੰਧਰ, ਰੋਪੜ ਤੇ ਨਵਾਂ ਸ਼ਹਿਰ ਵਿਚ 10-10 , ਅਬੋਹਰ ਵਿੱਚ 7 ਤੇ ਮੁਕਤਸਰ ਵਿੱਚ ਚਾਰ ਖੁਰਾਕਾਂ ਨੂੰ ਨੁਕਸਾਨ ਪਹੁੰਚਿਆ ਹੈ।

ਜਦਕਿ ਲੁਧਿਆਣਾ ਤੇ ਗੁਰਦਾਸਪੁਰ ਵਿੱਚ ਕੋਈ ਵੀ ਖੁਰਾਕ ਨਹੀਂ ਖਰਾਬ ਕੀਤੀ ਗਈ। ਸ਼ੀਸ਼ੀ ਸਿਰਫ 10 ਵਿਅਕਤੀਆਂ ਦੇ ਡੀਐਮਸੀ ਅਤੇ ਸੀਐਮਸੀ ਵਿੱਚ ਜਮ੍ਹਾ ਹੋਣ ਤੋਂ ਬਾਅਦ ਖੋਲ੍ਹੀ ਜਾ ਰਹੀ ਹੈ। ਇਸ ਨਾਲ, ਪੂਰੀ ਸ਼ੀਸ਼ੀ ਇਕੋ ਵਾਰ ਵਰਤੀ ਜਾਂਦੀ ਹੈ।

ਬੰਗਾਲ ਦੀ ਮਮਤਾ ਸਰਕਾਰ ਨੇ ਇਸ 'ਤੇ ਕਾਬੂ ਪਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਬਿਹਾਰ ਅਤੇ ਮੱਧ ਪ੍ਰਦੇਸ਼ 'ਚ 10 ਲੋਕਾਂ ਦੇ ਪਹੁੰਚਣ ਤੇ ਹੀ ਸ਼ੀਸ਼ੀ ਖਾਲੀ ਕੀਤੀ ਜਾ ਰਹੀ ਹੈ। ਵੈਕਸੀਨ ਵਾਲੀ ਸ਼ੀਸ਼ੀ ਨੂੰ ਬਰਫ ਵਾਲੇ ਡੱਬੇ ਵਿੱਚੋਂ ਬਾਹਰ ਕੱਢਣ ਮਗਰੋਂ ਤੁਰੰਤ ਇਸਤਮਾਲ ਕਰਨਾ ਲਾਜ਼ਮੀ ਹੈ। ਜਦੋਂ ਸ਼ੀਸ਼ੀ ਇੱਕ ਵਾਰ ਖੁਲ ਜਾਂਦੀ ਹੈ ਤਾਂ ਉਸ ਨੂੰ ਸਿਰਫ ਚਾਰ ਘੰਟੇ ਤਕ ਹੀ ਫਰਿਜ ਵਿੱਚ ਸਟੋਰ ਕੀਤਾ ਜਾ ਸਕਦਾ ਹੈ।

ਪੰਜਾਬ 'ਚ ਟੀਕਾਕਰਨ ਦੀ ਰਫ਼ਤਾਰ ਹੌਲੀ
ਪੰਜਾਬ ਵਿੱਚ ਟੀਕਾਕਰਨ ਦੀ ਰਫ਼ਤਾਰ ਬਹੁਤ ਹੌਲੀ ਚੱਲ ਰਹੀ ਹੈ। ਮੰਗਲਵਾਰ ਨੂੰ ਇਸ ਵਿੱਚ 13 ਫੀਸਦ ਦਾ ਵਾਧਾ ਜ਼ਰੂਰ ਵੇਖਿਆ ਗਿਆ ਹੈ।