ਨਵੀਂ ਦਿੱਲੀ: ਰਾਜਧਾਨੀ ਦੀਆਂ ਬਰੂਹਾਂ 'ਤੇ ਜੈ ਜਵਾਨ ਜੈ ਕਿਸਾਨ ਦੀ ਅਸਲ ਤਸਵੀਰ ਸਾਹਮਣੇ ਆਉਣ ਲੱਗੀ ਹੈ। ਦੇਸ਼ ਵਿੱਚੋਂ ਵੱਡੀ ਗਿਣਤੀ ਸਾਬਕਾ ਫੌਜੀ ਕਿਸਾਨਾਂ ਨਾਲ ਡਟ ਗਏ ਹਨ। ਪੰਜਾਬ ਹਰਿਆਣਾ ਦੇ ਸੈਨਿਕਾਂ ਨੇ ਮੈਡਲ ਮੋੜਨ ਦਾ ਐਲਾਨ ਕੀਤਾ ਹੈ।


ਪੰਜਾਬ ਤੇ ਹਰਿਆਣਾ ਵਿੱਚੋਂ ਮਿਲੀ ਹਮਾਇਤ ਮਗਰੋਂ ਹੁਣ ਦੇਸ਼ ਭਰ ਵਿੱਚੋਂ ਸਾਬਕਾ ਫੌਜੀ ਅੰਦੋਲਨ ਵਿੱਚ ਆਉਣ ਲੱਗੇ ਹਨ। ਅੱਜ ਯੂਪੀ ਦੇ ਵੱਖ-ਵੱਖ ਥਾਵਾਂ ਤੋਂ ਸਾਬਕਾ ਸੈਨਿਕ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਗਾਜੀਪੁਰ ਸਰਹੱਦ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਹੋਰ ਸੈਨਿਕ ਕਿਸਾਨ ਮੋਰਚਿਆਂ ਵਿੱਚ ਸ਼ਿਰਕਤ ਕਰਨਗੇ।

ਇਸ ਬਾਰੇ ਸਾਬਕਾ ਸੈਨਿਕ ਸੰਗਠਨ ਵਿੱਚ ਸੂਬੇਦਾਰ ਰਹੇ ਜੇਪੀ ਮਿਸ਼ਰਾ ਨੇ ਕਿਹਾ, "ਅੱਜ ਓਡੀਸ਼ਾ ਤੋਂ ਹੋਰ ਲੋਕ ਆ ਰਹੇ ਹਨ। ਦੋ ਵਜੇ ਕਰੀਬ 200 ਲੋਕ ਆਉਣਗੇ। ਕਿਸਾਨਾਂ ਨਾਲ ਹੁਣ ਸੰਤ ਤੇ ਸੈਨਿਕ ਦੋਵੇਂ ਸਮਾਜ ਖੜ੍ਹੇ ਹਨ।" ਇਸ ਤੋਂ ਪੰਜਾਬ ਤੇ ਹਰਿਆਣਾ ਤੋਂ ਵੀ ਵੱਡੀ ਗਿਣਤੀ ਸੈਨਿਕ ਕਿਸਾਨਾਂ ਨਾਲ ਡਟੇ ਹੋਏ ਹਨ।

ਦੱਸ ਦਈਏ ਕਿ ਜ਼ਿਆਦਾਤਾਰ ਸੈਨਿਕ ਕਿਸਾਨ ਪਰਿਵਾਰਾਂ ਨਾਲ ਹੀ ਸਬੰਧ ਰੱਖਦੇ ਹਨ। ਇਸ ਲਈ ਸਰਹੱਦਾਂ ਉੱਪਰ ਡਟੇ ਕਿਸਾਨ ਵੀ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰ ਦਿੰਦੇ ਹਨ। ਲੰਘੇ ਦਿਨ ਬਠਿੰਡਾ ਵਿੱਚ ਇੱਕ ਫੌਜੀ ਜਵਾਨ ਨੇ ਸ਼ਰੇਆਮ ਕਿਸਾਨ ਅੰਦਲੋਨ ਵਿੱਚ ਸ਼ਾਮਲ ਹੋ ਕੇ ਸਰਕਾਰ ਨੂੰ ਵੰਗਾਰਿਆ ਸੀ।