ਚੰਡੀਗੜ੍ਹ : ਆਪਣੇ ਸਖ਼ਤ ਪ੍ਰਵਚਨਾਂ ਨਾਲ ਸੁਰਖ਼ੀਆਂ ਵਿੱਚ ਰਹਿਣ ਵਾਲੇ ਜੈਨ ਮੁਨੀ ਤੁਰਨ ਸਾਗਰ ਨੇ ਪਾਕਿਸਤਾਨ ਉੱਤੇ ਸਖ਼ਤ ਸ਼ਬਦਾਂ ਵਿੱਚ ਵਾਰ ਕੀਤਾ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਮੁਨੀ ਨੇ ਆਖਿਆ ਹੈ ਕਿ ਪਾਕਿਸਤਾਨ ਉੱਤੇ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।


ਉਨ੍ਹਾਂ ਆਖਿਆ ਕਿ ਇਹ ਭਾਰਤ ਦੇ ਕੂਟਨੀਤਕ ਦਬਾਅ ਦਾ ਹੀ ਨਤੀਜਾ ਹੈ ਕਿ ਪਾਕਿਸਤਾਨ ਨੇ ਹੁਣ ਦਹਿਸ਼ਤਗਰਦ ਸੰਗਠਨਾਂ ਉੱਤੇ ਸਖ਼ਤ ਫ਼ੈਸਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਲਾਲੀ ਸਬੰਧੀ ਦਿੱਤੇ ਗਏ ਬਿਆਨ ਨੂੰ ਵੀ ਜੈਨ ਮੁਨੀ ਨੇ ਗ਼ਲਤ ਕਰਾਰ ਦਿੱਤਾ ਹੈ।

ਉਨ੍ਹਾਂ ਰਾਹੁਲ ਦੇ ਬਿਆਨ ਨੂੰ ਸੈਨਿਕਾਂ ਦਾ ਅਪਮਾਨ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਅਜਿਹੇ ਬਿਆਨ ਦੇਣ ਵਾਲੇ ਆਗੂ ਆਪਣੀ ਪਾਰਟੀ ਵਿੱਚ ਤਾਂ ਹੀਰੋ ਬਣ ਜਾਣਗੇ ਪਰ ਉਨ੍ਹਾਂ ਦਾ ਕੰਮ ਦੇਸ਼ ਦੇ ਦੁਸ਼ਮਣਾਂ ਵਰਗਾ ਹੈ। ਉਨ੍ਹਾਂ ਆਖਿਆ ਅਜਿਹੇ ਆਗੂਆਂ ਨੂੰ ਦੇਸ਼ ਦੇ ਹਿਤ ਬਾਰੇ ਪਹਿਲਾਂ ਸੋਚਣਾ ਚਾਹੀਦਾ ਹੈ।