ਨਵੀਂ ਦਿੱਲੀ: ਅਯੁੱਧਿਆ ਵਿਵਾਦ ਸਿਰਫ਼ ਭਾਰਤ ਤਕ ਹੀ ਸੀਮਤ ਨਹੀਂ, ਅੱਤਵਾਦੀ ਸੰਗਠਨ ਵੀ ਹੁਣ ਇਸ ਮੁੱਦੇ 'ਤੇ ਨਜ਼ਰ ਰੱਖ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਬਾਬਰੀ ਮਸਜਿਦ ਢਾਹੁਣ ਤੇ ਰਾਮ ਮੰਦਰ ਦੀ ਉਸਾਰੀ ਬਾਰੇ ਆਡੀਓ ਜਾਰੀ ਕੀਤੀ ਹੈ, ਜਿਸ ਵਿੱਚ ਉਹ ਭਾਰਤ ਵਿੱਚ ਤਬਾਹੀ ਮਚਾਉਣ ਦੀ ਧਮਕੀ ਦੇ ਰਿਹਾ ਹੈ। ਇਸ ਟੇਪ ਦੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।
ਅਜ਼ਹਰ ਨੇ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਭਾਰਤ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਬਣਾਉਂਦਾ ਹੈ ਤਾਂ ਦਿੱਲੀ ਤੋਂ ਕਾਬੁਲ ਤਕ ਮੁਸਲਮਾਨ ਬਦਲਾ ਲੈਣ ਲਈ ਤਿਆਰ ਹਨ। ਮਸੂਦ ਨੇ ਕਿਹਾ ਕਿ ਅਸੀਂ ਬਾਬਰੀ ਮਸਜਿਦ 'ਤੇ ਵੀ ਨਜ਼ਰ ਬਣਾਈ ਹੋਈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਸਰਕਾਰੀ ਖਰਚਾ ਕਰਨ ਦਾ ਦਮ ਰੱਖਦੇ ਹੋ ਤਾਂ ਅਸੀਂ ਇਸ ਤੋਂ ਜਾਨ ਵਾਰਨ ਲਈ ਵੀ ਤਿਆਰ ਹਾਂ।
ਆਡੀਓ ਵਿੱਚ ਮਸੂਦ ਨੇ ਕਰਤਾਰਪੁਰ ਸਾਹਿਬ ਕੌਰੀਡੋਰ ਬਾਰੇ ਵੀ ਟਿੱਪਣੀ ਕੀਤੀ ਹੈ। ਉਸ ਨੇ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਮੰਤਰੀਆਂ ਨੂੰ ਬੁਲਾਉਣਾ ਸਹੀ ਫੈਸਲਾ ਨਹੀਂ ਸੀ। ਹਾਲਾਂਕਿ, ਉਸ ਨੇ ਗਲਿਆਰੇ ਬਾਰੇ ਕੋਈ ਹੋਰ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਦਹਿਸ਼ਤੀ ਜਥੇਬੰਦੀ ਦੇ ਮੁਖੀ ਦੀ ਇਹ ਟਿੱਪਣੀ ਤੋਂ ਬਾਅਦ ਦੋਵੇਂ ਦੇਸ਼ਾਂ ਨੂੰ ਲਾਂਘੇ ਦੀ ਸੁਰੱਖਿਆ ਬੇਹੱਦ ਸਖ਼ਤ ਕਰਨੀ ਪਵੇਗੀ।