ਚੰਡੀਗੜ੍ਹ: ਕੇਂਦਰ ਸਰਕਾਰ (Central Government) ਦੇ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ (Farmer Organizations) ਵੱਲੋਂ ਰੇਲ ਪਟੜੀਆਂ ਜਾਮ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਅਰਥਵਿਵਸਥਾ (Punjab economy) ਦਾ ਪਹੀਆ ਵੀ ਰੁਕਣ ਲੱਗਾ ਹੈ। ਕਿਸਾਨ ਸ਼ਰਤਾਂ ਉੱਤੇ ਮਾਲ ਗੱਡੀਆਂ (Freight Trains) ਚਲਾਉਣ ਦੀ ਇਜਾਜ਼ਤ ਦੇ ਰਹੇ ਹਨ ਪਰ ਰੇਲਵੇ ਦਾ ਕਹਿਣਾ ਹੈ ਕਿ ਸ਼ਰਤਾਂ ਉੱਤੇ ਰੇਲਾਂ ਨਹੀਂ ਚਲਾਈਆਂ ਜਾ ਸਕਦੀਆਂ। ਪੰਜਾਬ ਇਸ ਸਮੇਂ ਕੋਲਾ, ਖਾਦ ਤੇ ਕੱਚੇ ਮਾਲ ਦੀ ਕਮੀ ਨਾਲ ਜੂਝ ਰਿਹਾ ਹੈ। ਉਦਯੋਗਿਕ ਇਕਾਈਆਂ ’ਚ ਬਣਿਆ ਮਾਲ ਬਾਹਰ ਨਹੀਂ ਜਾ ਰਿਹਾ ਤੇ ਕੱਚਾ ਮਾਲ ਬਾਹਰੋਂ ਆ ਨਹੀਂ ਰਿਹਾ। ਰੇਲ ਪਟੜੀਆਂ ਉੱਤੇ ਵੇਲੇ ਸਿਆਸਤ ਦੀ ਰੇਲ ਦੌੜ ਰਹੀ ਹੈ। ਕਾਂਗਰਸ ਤੇ ਭਾਜਪਾ ਵਿੱਚ ਇੱਕ-ਦੂਜੇ ਉੱਤੇ ਦੂਸ਼ਣਬਾਜ਼ੀ ਦਾ ਦੌਰ ਜਾਰੀ ਹੈ, ਜਦ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਮਸਲੇ ਦੇ ਹੱਲ ਲਈ ਗੱਲਬਾਤ ਹੋਣੀ ਚਾਹੀਦੀ ਹੈ।

https://punjabi.abplive.com/videos/news/india-impact-of-usa-election-results-share-market-reaches-old-place-sensex-nifty-586933

ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰੇਲ ਗੱਡੀਆਂ ਨਾ ਚਲਾਉਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਕੇਂਦਰ ਸਰਕਾਰ ਫ਼ਿਲਮੀ ਹਸਤੀਆਂ ਨੂੰ ਸੁਰੱਖਿਆ ਦੇ ਸਕਦੀ ਹੈ ਪਰ ਰੇਲਵੇ ਸਟਾਫ਼ ਨੂੰ ਸੁਰੱਖਿਆ ਕਿਉਂ ਨਹੀਂ ਦੇ ਸਕਦੀ। ਕੇਂਦਰ ਸਰਕਾਰ ਪੰਜਾਬ ਤੇ ਕਿਸਾਨਾਂ ਨੂੰ ‘ਵਿਲੇਨ’ ਦੇ ਰੂਪ ਵਿੱਚ ਵਿਖਾਉਣਾ ਚਾਹੁੰਦੀ ਹੈ। ਰੇਲ ਸੁਰੱਖਿਆ ਨੂੰ ਲੈ ਕੇ ਮੁੱਖ ਮੰਤਰੀ ਦੀ ਚੁੱਪੀ ਉੱਤੇ ਜਾਖੜ ਨੇ ਕਿਹਾ ਕਿ ਰੇਲਵੇ ਦੀ ਸੁਰੱਖਿਆ ਰੇਲਵੇ ਪੁਲਿਸ ਦੀ ਜ਼ਿੰਮੇਵਾਰੀ ਹੈ, ਫਿਰ ਵੀ ਮੁੱਖ ਮੰਤਰੀ ਨੇ ਸੁਰੱਖਿਆ ਦੇਣ ਦੀ ਗੱਲ ਆਖ ਦਿੱਤੀ ਹੈ।

ਜਾਖੜ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜੇ ਕਿਤੇ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ, ਤਾਂ ਉਹ ਇਸ ਦਾ ਨਜ਼ਲਾ ਰਾਜ ਜਾਂ ਕਿਸਾਨਾਂ ਉੱਤੇ ਝਾੜ ਸਕੇ। ਰਾਜ ਦੀ ਆਰਥਿਕ ਸਥਿਤੀ ਉੱਤੇ ਸੱਟ ਮਾਰਨ ਵਾਲੀ ਕੇਂਦਰ ਸਰਕਾਰ ਆਪਸੀ ਭਾਈਚਾਰਾ ਖ਼ਤਮ ਕਰਨਾ ਚਾਹੁੰਦੀ ਹੈ। ਕਿਸਾਨ ਗੱਲਬਾਤ ਕਰਨ ਦੇ ਸੰਕੇਤ ਦੇ ਚੁੱਕੇ, ਤਦ ਕੇਂਦਰ ਨੂੰ ਪਹਿਲ ਕਰਨੀ ਚਾਹੀਦੀ ਹੈ। ਉੱਧਰ ਕਿਸਾਨ ਸੰਗਠਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਸਾਰਾ ਦਬਾਅ ਪੰਜਾਬ ਉੱਤੇ ਹੈ। ਕੋਲਾ ਤੇ ਖਾਦ ਖ਼ਤਮ ਹੋ ਗਏ ਹਨ, ਨਵੀਂ ਫ਼ਸਲ ਰੱਖਣ ਲਈ ਜਗ੍ਹਾ ਨਹੀਂ ਹੈ।

ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਵਿਰੋਧਾਭਾਸੀ ਬਿਆਨਾਂ ਕਾਰਣ ਕੇਂਦਰ ਸਰਕਾਰ ਨੂੰ ਫੂਕ-ਫੂਕ ਕੇ ਕਦਮ ਰੱਖਣੇ ਪੈ ਰਹੇ ਹਨ। ਕਿਸਾਨ ਰੇਲ-ਪਟੜੀਆਂ ਉੱਤੇ ਜਾਂ ਉਨ੍ਹਾਂ ਦੇ ਨੇੜੇ ਡਟੇ ਹੋਏ ਹਨ। ਜੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਜ਼ਿੰਮੇਵਾਰ ਕੌਣ ਹੋਵੇਗਾ। ਰਾਜ ਸਰਕਾਰ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਤਾਂ ਲੈਣੀ ਹੀ ਪਵੇਗੀ। ਸੁਨੀਲ ਜਾਖੜ ਦੇ ਬਿਆਨ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼ਰਮਾ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ, ਵਿਲੇਨ ਨਹੀਂ। ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦ ਕਿ ਭਾਜਪਾ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਹੈ।

ਸ਼ਰਮਾ ਨੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਦੇ ਸੰਕੇਤ ਦਿੰਦਿਆਂ ਕਿਹਾ ਕਿ ਹਰੇਕ ਮਸਲੇ ਦਾ ਹੱਲ ਗੱਲਬਾਤ ਰਾਹੀਂ ਸੰਭਵ ਹੈ। ਕੇਂਦਰ ਸਰਕਾਰ ਨੇ ਕਦੇ ਵੀ ਗੱਲਬਾਤ ਦੇ ਦਰ ਬੰਦ ਨਹੀਂ ਕੀਤੇ ਹਨ। ਭਾਜਪਾ ਕਿਸਾਨ ਜਥੇਬੰਦੀਆਂ ਦੇ ਸੰਪਰਕ ਵਿੱਚ ਹੈ। ਲੋਕਤੰਤਰ ’ਚ ਵਿਰੋਧ ਪ੍ਰਦਰਸ਼ਨ ਤੇ ਧਰਨੇ ਦੇਣ ਦਾ ਅਧਿਕਾਰ ਸਭ ਨੂੰ ਹੈ ਪਰ ਇਹ ਦੂਜਿਆਂ ਦੇ ਅਧਿਕਾਰਾਂ ਉੱਤੇ ਸੱਟ ਮਾਰ ਕੇ ਨਹੀਂ ਹੋਣੇ ਚਾਹੀਦੇ। ਤਿਉਹਾਰਾਂ ਦੇ ਸੀਜ਼ਨ ’ਚ ਹਰ ਕੋਈ ਮਾਲ ਲਿਆਉਣਾ ਚਾਹੁੰਦਾ ਹੈ ਤੇ ਕੋਈ ਬਾਹਰ ਭੇਜਣਾ ਚਾਹੁੰਦਾ ਹੈ। ਦੀਵਾਲੀ ਉੱਤੇ ਕੋਈ ਆਪਣੇ ਘਰ ਜਾਣਾ ਚਾਹੁੰਦਾ ਹੈ, ਤੇ ਕੋਈ ਪੰਜਾਬ ਆਉਣਾ ਚਾਹੁੰਦਾ ਹੈ। ਕਿਸਾਨ ਸੰਗਠਨਾਂ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਉੱਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਹੈ ਕਿ ਸਰਕਾਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਕਿਸਾਨਾਂ ਨੇ ਗੱਲਬਾਤ ਦਾ ਰਾਹ ਕਦੇ ਵੀ ਬੰਦ ਨਹੀਂ ਕੀਤਾ। ਗੱਲਬਾਤ ਇੱਕ ਜਾਂ ਦੋ ਸੰਗਠਨਾਂ ਨਾਲ ਨਹੀਂ, ਸਗੋਂ ਸਭ ਨਾਲ ਹੋਣੀ ਚਾਹੀਦੀ ਹੈ।

Punjab Pollution: ਪੰਜਾਬ ਦੀ ਆਬੋ-ਹਵਾ 'ਚ ਘੁਲਿਆ ਜ਼ਹਿਰ, ਖ਼ਤਰਨਾਕ ਬਣੇ ਹਲਾਤ, ਸਾਹ ਲੈਣਾ ਵੀ ਔਖਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904