ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਮੁਕਤਸਰ 'ਚ ਕਿਹਾ ਹੈ ਕਿ ਧਰਮ ਦੇ ਨਾਂਅ ਤੇ ਸਿਆਸਤ ਕਰਨ ਵਾਲੇ ਅਕਾਲੀ ਦਲ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਸ ਲਈ ਸਿਆਸੀ ਹਿੱਤ ਹੀ ਸਭ ਕੁਝ ਹਨ। ਉਨਾਂ ਕਿਹਾ ਕਿ ਪੰਥਕ ਪਾਰਟੀ ਅਖਵਾਉਣ ਵਾਲੇ ਆਗੂਆਂ ਨੇ ਸ਼ਹੀਦਾਂ ਦੀ ਯਾਦ ਵਿਚ ਲੱਗਣ ਵਾਲੇ ਮੇਲੇ ਵਿੱਚ ਸਿਆਸੀ ਕਾਨਫਰੰਸ ਕਰਕੇ ਖ਼ੁਦ ਹੀ ਆਪਣੇ ਚਿਹਰੇ ਤੋਂ ਨਕਾਬ ਉਤਾਰ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦਾਂ ਦੀ ਯਾਦ ਵਿਚ ਲੱਗਣ ਵਾਲੇ ਜੋੜ ਮੇਲਿਆਂ ਵਿਚ ਸਿਆਸੀ ਕਾਨਫਰੰਸਾਂ ਨਾ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਹੈ।
ਜਾਖੜ ਨੇ ਕਿਹਾ ਕਿ ਪਿਛਲੇ 10 ਸਾਲ ਤੱਕ ਪੰਜਾਬ ਦੀ ਸੱਤਾ ਤੇ ਕਾਬਜ ਰਹੇ ਅਕਾਲੀ ਦਲ ਨੇ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਜਦ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਘਰੇਲੂ ਜ਼ਿਲ੍ਹਾ ਹੈ। ਉਨ੍ਹਾਂ ਕਿਹਾ ਕਿ ਮਾਘੀ ਦਾ ਮੇਲਾ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਭੇਟ ਕਰਦੇ ਹਾਂ ਉੱਥੇ ਹੀ ਸਾਡੇ ਮਹਾਨ ਗੁਰੂਆਂ ਵੱਲੋਂ ਵਿਖਾਏ ਰਾਹ ਤੇ ਚੱਲਣ ਦਾ ਸੰਕਲਪ ਲੈਂਦੇ ਹਾਂ।
ਜਾਖੜ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਹੀ ਸੀ ਜਿਸ ਨੇ 1994 ਵਿਚ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਸੀ। ਇਸ ਤੋਂ ਬਾਅਦ 2002 ਤੋਂ 2007 ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਦਰਜੇ ਨੂੰ ਧਿਆਨ ਵਿਚ ਰੱਖਦੇ ਹੋਏ ਯਾਦਗਾਰੀ ਗੇਟ ਉਸਰਵਾਏ ਸਨ। ਇਸੇ ਤਰ੍ਹਾਂ ਕਾਂਗਰਸ ਸਰਕਾਰ ਸਮੇਂ ਹੀ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕਤ ਏ ਮਿਨਾਰ ਯਾਦਗਾਰ ਦੀ ਉਸਾਰੀ ਵੀ ਕਰਵਾਈ ਗਈ ਸੀ। ਜਦ ਕਿ ਅਕਾਲੀ ਸਰਕਾਰ ਸਮੇਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਮਹੱਤਵ ਦੇ ਮੱਦੇਨਜ਼ਰ ਕੋਈ ਵੀ ਯਾਦਗਾਰ ਜਾਂ ਸ਼ਹਿਰ ਦਾ ਹੋਰ ਵਿਕਾਸ ਨਹੀਂ ਕਰਵਾਇਆ ਗਿਆ।