ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਵੀ ਕਬੂਤਰਬਾਜ਼ੀ ਕਰਦੇ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ, ਪਰ ਇਹ ਖੁਲਾਸਾ ਨਵਜੋਤ ਸਿੰਘ ਸਿੱਧੂ ਨੇ ਏ.ਬੀ.ਪੀ. ਸਾਂਝਾ ਨਾਲ ਖ਼ਾਸ ਗੱਲਬਾਤ ਦੌਰਾਨ ਕੀਤਾ ਹੈ। ਸਿੱਧੂ ਨੇ ਦੱਸਿਆ ਕਿ ਬਚਪਨ ਵਿੱਚ ਉਨ੍ਹਾਂ ਨੂੰ ਕਬੂਤਰਬਾਜ਼ੀ ਦਾ ਬਹੁਤ ਸ਼ੌਕ ਸੀ ਜਿਸ ਕਰ ਕੇ ਉਨ੍ਹਾਂ ਨੂੰ ਆਪਣੀ ਮਾਂ ਕੋਲੋਂ ਗਾਲ਼ਾਂ ਵੀ ਖਾਣੀਆਂ ਪੈਂਦੀਆਂ ਸਨ।

ਦਰਅਸਲ, ਅੱਜ ਲੋਹੜੀ ਦੇ ਤਿਹਾਰ ਮੌਕੇ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਚ "ਗੁੱਡੀਆਂ"(ਪਤੰਗਾਂ) ਉਡਾ ਰਹੇ ਸਨ। ਜਦੋਂ ਸਿੱਧੂ ਨੇ ਪਤੰਗ ਨੂੰ ਤਲਾਵਾਂ ਪਾਈਆਂ ਤਾਂ ਸਿੱਧੂ ਨੂੰ ਆਪਣੇ ਬਚਪਨ ਯਾਦ ਆ ਗਿਆ। ਇਸ ਤੋਂ ਬਾਅਦ ਸਿੱਧੂ ਆਪਣੇ ਸਮਰਥਕਾਂ ਦੀ ਮੰਗ 'ਤੇ ਸ਼ਹਿਰ ਦੇ ਸ਼ਾਰਿਫਪੁਰਾ ਇਲਾਕੇ ਵਿੱਚ ਪਹੁੰਚੇ ਅਤੇ ਘਰ ਦੀ ਛੱਤ ਤੇ ਚੜ੍ਹ ਕੇ ਪਤੰਗ ਨੂੰ ਖ਼ੂਬ ਤੁਣਕੇ ਲਗਾਏ। ਸਿੱਧੂ ਨੇ ਆਪਣੇ ਸਮਰਥਕਾਂ ਨਾਲ ਢੋਲ ਦੇ ਡੱਗੇ 'ਤੇ ਖੂਬ ਭੰਗੜਾ ਵੀ ਪਾਇਆ।

ਸਿੱਧੂ ਨੇ ਏ.ਬੀ.ਪੀ. ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਆਪਣਾ ਬਚਪਨ ਯਾਦ ਆ ਗਿਆ। ਉਹ ਬਚਪਨ 'ਚ ਬਹੁਤ ਜ਼ਿਆਦਾ ਗੁੱਡੀਆਂ ਉਡਾਉਂਦੇ ਸਨ ਤੇ ਇਸ ਦੇ ਨਾਲ-ਨਾਲ ਕਬੂਤਰਬਾਜ਼ੀ ਵੀ ਕਰਦੇ ਅਤੇ ਇਸ ਕਰਕੇ ਉਨ੍ਹਾਂ ਨੂੰ ਆਪਣੀ ਮਾਂ ਕੋਲੋਂ ਖੂਬ ਡਾਂਟ ਵੀ ਖਾਣੀ ਪੈਂਦੀ ਸੀ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਕਿਹਾ ਸੀ ਕਿ ਇੱਲ੍ਹ ਦੇ ਆਂਡੇ ਨਾਲ ਗੁੱਡੀ ਉਡਾਉਣ ਵਾਲੀ ਡੋਰ ਬਹੁਤ ਵਧੀਆ ਤਿਆਰ ਹੁੰਦੀ ਹੈ ਤਾਂ ਉਹ ਇੱਲ੍ਹ ਦਾ ਆਂਡਾ ਵੀ ਲੱਭਣ ਲਈ ਤੁਰ ਪੈਂਦੇ ਸਨ।

ਸਿੱਧੂ ਨੇ ਕਿਹਾ ਕਿ ਉਹ ਬਣ ਦੇ ਬਾਗ ਵਿੱਚ ਜਾ ਕੇ ਚੋਰੀ ਅੰਬ ਵੀ ਤੋੜਦੇ ਰਹੇ ਹਨ। ਲੋਹੜੀ ਦੇ ਤਿਉਹਾਰ ਮੌਕੇ ਸਿੱਧੂ ਨੇ ਆਪਣੇ ਸ਼ੇਅਰੋ-ਸ਼ਾਇਰੀ ਵਾਲੇ ਅੰਦਾਜ਼ 'ਚ ਪੰਜਾਬ ਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਪੰਜਾਬ ਦੀ ਤਰੱਕੀ ਲਈ ਕਾਮਨਾ ਕੀਤੀ।