Punjab politics: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਲਗਾਤਾਰ ਆਪ ਵੱਲੋਂ ਵਿਰੋਧ ਕੀਤਾ ਰਿਹਾ ਹੈ। ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਆਗੂ ਖਟਕੜ ਕਲਾਂ ਵਿਖੇ ਸਮੂਹਿਕ ਵਰਤ 'ਤੇ ਬੈਠੇ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਨਿਸ਼ਾਨਾ ਸਾਧਦਿਆਂ ਕਿਹਾ ਸ਼ਹੀਦਾਂ ਦੀ ਪਵਿੱਤਰ ਧਰਤੀ ਖਟਕੜ ਕਲਾਂ ਵਿਖੇ ਜੋ ਨਾਟਕ ਕੀਤਾ ਹੈ ਉਸ ਲਈ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ। 


ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ਭਗਵੰਤ ਮਾਨ ਜੀ ਤੁਸੀਂ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਖਟਕੜ ਕਲਾਂ ਵਿਖੇ ਜੋ ਨਾਟਕ ਕੀਤਾ ਹੈ ਉਸ ਲਈ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ। ਮਹਾਨ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਤੇ ਤੁਸੀਂ ਦਾਰੂ ਦੇ ਘੁਟਾਲੇ ਵਿੱਚ ਸ਼ਾਮਿਲ ਆਪਣੇ ਆਗੂ ਦੀ ਸ਼ਹੀਦ ਭਗਤ ਸਿੰਘ ਵਾਂਗ ਹੀ ਸਲਾਖਾਂ ਪਿੱਛੇ ਤਸਵੀਰ ਲਾ ਕੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਹਨ।






ਜਾਖੜ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਦੀ ਆਤਮਾ ਅੱਜ ਰੋ ਰਹੀ ਹੋਵੇਗੀ, ਸ਼ਹੀਦ ਭਗਤ ਸਿੰਘ ਨੇ ਕੁਰਬਾਨੀ ਇਸ ਲਈ ਨਹੀਂ ਦਿੱਤੀ ਸੀ ਕਿ ਸ਼ਹੀਦਾਂ ਦੇ ਸਮਾਰਕ ਉੱਤੇ ਆ ਕੇ ਪਾਖੰਡ ਕੀਤਾ ਜਾਵੇ। ਦਾਰੂ ਦੇ ਘੁਟਾਲੇ, ਇੱਕ ਭ੍ਰਿਸ਼ਟਾਟਾਰੀ ਦੀ ਆ ਕੇ ਪੈਰਵਾਈ ਕੀਤੀ ਜਾਵੇ।


ਜਾਖੜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਆਪਣੀਆਂ ਆਦਤਾਂ ਸੁਧਾਰੋ, ਤੁਸੀਂ ਕੇਜਰੀਵਾਲ ਦੀ ਫੋਟੋ ਅੱਜ ਵੀ ਉੱਥੇ ਲਾਈ ਹੋਈ ਹੈ। ਜਦੋਂ ਕਿ ਪਹਿਲਾਂ ਕੇਜਰੀਵਾਲ ਦੀ ਫੋਟੋ ਸ਼ਹੀਦ ਭਗਤ ਸਿੰਘ ਤੇ ਬੀਆਰ ਅੰਬੇਡਕਰ ਦੀ ਫੋਟੋ ਦੇ ਵਿਚਾਲੇ ਲਾਉਣ ਨੂੰ ਲੈ ਕੇ ਤੁਹਾਡਾ ਵਿਰੋਧ ਹੋਇਆ ਹੈ। ਭਗਵੰਤ ਮਾਨ ਜੀ ਜੋ ਤੁਸੀਂ ਅੱਜ ਕੀਤਾ ਇਹ ਡਰਾਮਾ ਤੇ ਪਾਖੰਡ ਨਹੀਂ ਤੁਸੀਂ ਸ਼ਹੀਦਾਂ ਦਾ ਅਪਮਾਨ ਕੀਤਾ ਤੇ ਪੰਜਾਬੀਆਂ ਦੀ ਛਾਤੀ ਉੱਤੇ ਭ੍ਰਿਸ਼ਟਾਚਾਰ ਦੀ ਮੂੰਗ ਦਲੀ ਹੈ। ਲੋਕ ਤੁਹਾਨੂੰ ਇਸ ਦਾ ਸਬਕ ਸਿਖਾਉਣਗੇ।