Ludhiana News: ਪੁਲਿਸ ਦੀ ਸਖਤੀ ਦੇ ਬਾਵਜੂਦ ਪੰਜਾਬ ਅੰਦਰ ਗੈਂਗਸਟਰਾਂ ਦੇ ਹੌਸਲੇ ਬੁਲੰਦ ਹਨ। ਲੁਧਿਆਣਾ 'ਚ ਬੀਤੀ ਰਾਤ ਗੈਂਗਸਟਰ ਨਿਊਟਨ ਤੇ ਉਸ ਦੇ ਬਾਈਕ ਸਵਾਰ 25-30 ਬਦਮਾਸ਼ਾਂ ਨੇ ਪੱਖੋਵਾਲ ਰੋਡ 'ਤੇ ਸਥਿਤ ਕਰਨੈਲ ਸਿੰਘ ਨਗਰ 'ਚ ਖੂਬ ਹੰਗਾਮਾ ਕੀਤਾ। ਬਦਮਾਸ਼ਾਂ ਨੇ ਇਲਾਕੇ 'ਚ ਕਈ ਕਾਰਾਂ ਦੀ ਭੰਨ੍ਹਤੋੜ ਕੀਤੀ। ਕੁਝ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ ਤੇ ਇਲਾਕੇ ਦੀਆਂ ਬਜ਼ੁਰਗ ਔਰਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਲਾਕੇ ਦੇ ਇੱਕ ਰੇਹੜੀ ਵਾਲੇ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਇਲਾਕੇ ਦੇ ਲੋਕਾਂ ਨੇ ਰਾਤ ਕਰੀਬ 1 ਵਜੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀਆਂ ਵਿੱਚ ਇੱਕ ਔਰਤ ਦੀ ਉਂਗਲੀ ਵੀ ਕੱਟੀ ਗਈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਸਥਾਨਕ ਲੋਕਾਂ ਨੇ ਦੱਸਿਆ ਕਿ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੇ ਇਲਾਕੇ ਵਿੱਚ ਵਾਹਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਨੇ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਬਦਮਾਸ਼ਾਂ ਦੀ ਇਲਾਕੇ ਵਿੱਚ ਕਿਸ ਨਾਲ ਰੰਜਿਸ਼ ਸੀ ਤੇ ਕਿਸ ਮਾਮਲੇ ਨੂੰ ਲੈ ਕੇ ਹੰਗਾਮਾ ਕੀਤਾ। ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੇਕਸੂਰ ਲੋਕਾਂ ਦੀ ਵੱਢ-ਟੁੱਕ ਕੀਤੀ। ਜ਼ਖ਼ਮੀਆਂ ਦੀ ਪਛਾਣ ਤਾਰਾ ਸਿੰਘ, ਅਮਨਦੀਪ ਕੌਰ, ਬਜ਼ੁਰਗ ਸਰਬਜੀਤ ਕੌਰ, ਬਜ਼ੁਰਗ ਸੁਰਜੀਤ ਕੌਰ ਤੇ ਧੀਰਜ ਵਜੋਂ ਹੋਈ ਹੈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਬਦਮਾਸ਼ ਉੱਥੇ ਪਹੁੰਚੇ ਤਾਂ ਇਲਾਕੇ ਵਿੱਚ ਭਗਦੜ ਮੱਚ ਗਈ। ਖੂਨ ਨਾਲ ਲੱਥਪੱਥ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਆਗੂ ਨਿਊਟਨ ਨਾਂ ਦਾ ਨੌਜਵਾਨ ਸੀ। ਉਨ੍ਹਾਂ ਕਿਹਾ ਕਿ ਅੱਜ ਉਹ ਇਸ ਘਟਨਾ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦੇਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।