ਜਲੰਧਰ: ਜਲੰਧਰ ਤੇ ਫਗਵਾੜਾ ਵਿੱਚ ਵੀਰਵਾਰ ਨੂੰ ਤਿੰਨ ਹਾਦਸੇ ਹੋਏ ਜਿਨ੍ਹਾਂ ਵਿੱਚ ਇੱਕ ਸਕੂਲੀ ਵਿਦਿਆਰਥਣ ਸਣੇ 6 ਜਣਿਆਂ ਦੀ ਜਾਨ ਚਲੀ ਗਈ। ਪਹਿਲੇ ਹਾਦਸੇ 'ਚ ਕਾਰ ਤੇ ਆਲਟੋ ਦੀ ਟੱਕਰ ਵਿੱਚ ਆਲਟੋ ਸਵਾਰ 5 ਜਣਿਆਂ ਦੀ ਮੌਤ ਹੋਈ ਜਦਕਿ ਇੱਕ ਹਾਦਸੇ 'ਚ ਕਾਰ ਤੇ ਆਟੋ ਦੀ ਟੱਕਰ ਹੋਈ, ਜਿਸ ਵਿੱਚ ਅੱਠਵੀਂ ਦੀ ਵਿਦਿਆਰਥਣ ਰਾਣੀ ਕੁਮਾਰੀ ਦੀ ਮੌਤ ਹੋ ਗਈ। ਤੀਜੇ ਹਾਦਸੇ ਵਿੱਚ ਟਾਇਰ ਫਟਣ ਨਾਲ ਮਹਿੰਦਰਾ ਪਿਕਅਪ ਪਲਟ ਗਈ, ਜਿਸ ਵਿੱਚ ਕਰੀਬ 15 ਸ਼ਰਧਾਲੂ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸਵੇਰੇ ਅੱਠ ਵਜੇ ਜਲੰਧਰ ਪਠਾਨਕੋਟ ਰੋਡ 'ਤੇ ਪਿੰਡ ਪਚਰੰਗਾ ਦੇ ਕੋਲ ਇਨੋਵਾ ਤੇ ਆਲਟੋ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਸਵੇਰੇ ਕਰੀਬ ਅੱਠ ਵਜੇ ਮੀਂਹ ਸ਼ੁਰੂ ਹੋਣ ਤੋਂ ਕੁੱਝ ਚਿਰ ਪਹਿਲਾਂ ਵਾਪਰਿਆ। ਆਲਟੋ ਵਿੱਚ ਦੋ ਔਰਤਾਂ ਸਣੇ ਪੰਜ ਲੋਕ ਸਵਾਰ ਸੀ, ਜਿਹੜੇ ਜੰਮੂ ਤੋਂ ਜਲੰਧਰ ਵੱਲ ਆ ਰਹੇ ਹਨ। ਇਨੋਵਾ ਵਿੱਚ ਤਿੰਨ ਬੰਦੇ ਸਨ, ਜਿਨ੍ਹਾਂ ਵਿੱਚੋਂ ਇੱਕ ਐਨਆਰਆਈ ਸੀ ਜੋ ਕੈਨੇਡਾ ਤੋਂ ਆਇਆ ਸੀ ਤੇ ਆਪਣੇ ਘਰ ਹੁਸ਼ਿਆਰਪੁਰ ਵਿੱਚ ਰਿਹਾ ਸੀ।

ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਆਲਟੋ ਪੂਰੀ ਤਰਾਂ ਚਕਨਾਚੂਰ ਹੋ ਗਈ। ਆਲਟੋ ਵਿੱਚ ਸਵਾਰ ਦੋ ਮੀਆਂ-ਬੀਵੀ ਤੇ ਡਰਾਈਵਰ ਸਣੇ ਪੰਜ ਜਣਿਆਂ ਦੀ ਮੌਕੋ 'ਤੇ ਹੀ ਮੌਤ ਹੋ ਗਈ। ਇਨੋਵਾ ਸਵਾਰ ਐਨਆਰਆਈ ਨੂੰ ਕੁੱਝ ਸੱਟਾਂ ਲੱਗੀਆਂ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਦੂਜੇ ਹਾਦਸੇ ਵਿੱਚ ਕਾਰ ਦੀ ਆਟੋ ਨਾਲ ਟੱਕਰ ਹੋਈ ਜਿਸ ਨਾਲ ਵਾਹਨ ਪਲਟ ਗਿਆ ਤੇ ਸਕੂਲੀ ਵਿਦਿਆਰਥੀ ਜਖ਼ਮੀ ਹੋ ਗਏ। ਇਹ ਦੂਜਾ ਹਾਦਸਾ ਸਵੇਰੇ ਕਰੀਬ 8 ਵਜੇ ਵਾਪਰਿਆ ਜਦੋਂ ਰਾਜ ਨਗਰ ਇਲਾਕੇ ਵਿੱਚ ਕਾਰ ਨੇ ਸਕੂਲੀ ਬੱਚਿਆਂ ਦੇ ਆਟੋ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਛੇ ਵਿਦਿਆਰਥੀ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਅੱਠਵੀਂ ਵਿੱਚ ਦੀ ਰਾਨੀ ਕੁਮਾਰੀ ਨਾਂ ਦੀ ਵਿਦਿਆਰਥਣ ਨੇ ਸ਼ਾਮ ਨੂੰ ਦਮ ਤੋੜ ਦਿੱਤਾ।

ਤੀਜਾ ਹਾਦਸਾ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਚਹੇੜੂ ਪੁੱਲ ਨੇੜੇ ਵਾਪਰਿਆ। ਲੁਧਿਆਣਾ ਤੋਂ ਮਹਿੰਦਰਾ ਪਿਕਅਪ ਗੱਡੀ ਵਿੱਚ 25 ਲੋਕ ਕਪੂਰਥਲਾ ਵਿੱਚ ਕਿਸੇ ਧਾਰਮਿਕ ਥਾਂ 'ਤੇ ਮੱਥਾ ਟੇਕਣ ਜਾ ਰਹੇ ਸਨ। ਚਹੇੜੂ ਪੁਲ ਦੇ ਨੇੜੇ ਪਿਕਅਪ ਗੱਡੀ ਦਾ ਟਾਇਰ ਫੱਟ ਗਿਆ। ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਕਰੀਬ 15 ਲੋਕਾਂ ਨੂੰ ਸੱਟਾਂ ਲੱਗੀਆਂ। ਦੋ ਮਰੀਜ਼ਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਸਿਵਿਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਬਚਾਅ ਇਹ ਹੋ ਗਿਆ ਕਿ ਜਦੋਂ ਪਿਕਅਪ ਗੱਡੀ ਪਲਟੀ ਤਾਂ ਪਿੱਛੋਂ ਕੋਈ ਤੇਜ਼ ਰਫਤਾਰ ਗੱਡੀ ਨਹੀਂ ਹਾ ਰਹੀ ਸੀ।