ਜਲੰਧਰ: ਜਲੰਧਰ ਦੇ ਪਾਦਰੀ ਕੋਲੋਂ ਬਰਾਮਦ ਕਥਿਤ ਹਵਾਲਾ ਰਕਮ ਦਾ ਮਾਮਲਾ ਆਈਜੀ ਕ੍ਰਾਈਮ ਕੋਲ ਪਹੁੰਚ ਚੁੱਕਿਆ ਹੈ। ਇਸ ਸਬੰਧੀ ਪਾਦਰੀ ਐਂਥਨੀ ਨੇ ਦੱਸਿਆ ਕਿ ਉਨ੍ਹਾਂ ਨੇ ਖੰਨਾ ਦੇ ਐਸਐਸਪੀ ਖਿਲਾਫ ਸਾਰਿਆਂ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਪੈਸੇ ਬਾਰੇ ਖੰਨਾ ਪੁਲਿਸ ਨੂੰ ਸਾਰਾ ਕੁਝ ਦੱਸਿਆ ਪਰ ਕਿਸੇ ਨੇ ਉਨ੍ਹਾਂ ਦੀ ਇੱਕ ਗੱਲ ਨਾ ਸੁਣੀ। ਉਨ੍ਹਾਂ ਉਮੀਦ ਜਤਾਈ ਹੈ ਕਿ ਆਈਜੀ ਕ੍ਰਾਇਮ ਇਸ ਮਾਮਲੇ ਦੀ ਸਹੀ ਜਾਂਚ ਕਰਣਗੇ
ਮੰਗਲਵਾਰ ਨੂੰ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਪਾਦਰੀ ਐਂਥਨੀ ਨੇ ਦੱਸਿਆ ਕਿ ਪੁਲਿਸ ਬਗੈਰ ਵਰਦੀ ਤੋਂ ਉਨ੍ਹਾਂ ਦੇ ਘਰ ਆਈ ਸੀ। ਪਹਿਲਾਂ ਤਾਂ ਉਨ੍ਹਾਂ ਨੂੰ ਲੱਗਿਆ ਸੀ ਕਿ ਲੁਟੇਰੇ ਆ ਗਏ ਹਨ। ਪੁਲਿਸ ਦੇ ਤਿੰਨ ਮੁਲਾਜ਼ਮਾਂ ਨੇ 6 ਕਰੋੜ 65 ਲੱਖ ਰੁਪਏ ਵੀ ਘਰੋਂ ਹੀ ਲਏ ਸੀ। ਦੱਸ ਦਈਏ ਕਿ ਬੈਂਕ ਵਾਲਿਆਂ ਨੇ ਵੀ ਦੱਸਿਆ ਹੈ ਕਿ 6 ਕਰੋੜ 65 ਲੱਖ ਰੁਪਏ ਪੁਲਿਸ ਘਰੋਂ ਹੀ ਲੈ ਗਈ ਸੀ। ਪੁਲਿਸ ਬਿਜਲੀ ਠੀਕ ਕਰਨ ਆਏ ਬੰਦੇ ਨੂੰ ਵੀ ਨਾਲ ਹੀ ਖੰਨਾ ਲੈ ਗਈ। ਉਨ੍ਹਾਂ ਨੂੰ ਮਿਲਣ ਲਈ ਮੁੰਬਈ ਤੋਂ ਕੁਝ ਲੋਕ ਆਏ ਸਨ, ਪੁਲਿਸ ਨੇ ਉਨ੍ਹਾਂ ਸਾਰਿਆਂ ਨੂੰ ਵੀ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਆਪਣੇ ਨਾਲ ਜਾਣ ਲਈ ਕਿਹਾ ਪਰ ਦੱਸਿਆ ਨਹੀਂ ਕਿ ਕਿੱਥੇ ਜਾਣਾ ਹੈ। ਪੁਲਿਸ ਉਨ੍ਹਾਂ ਨੂੰ ਜਲੰਧਰ ਤੋਂ ਸਿੱਧਾ ਖੰਨਾ ਨਹੀਂ ਲੈ ਕੇ ਗਈ, ਬਲਕਿ ਕਈ ਰਸਤੇ ਬਦਲੇ। ਪੁਲਿਸ ਨੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਲੈ ਲਏ ਤੇ ਉਨ੍ਹਾਂ ਨੂੰ ਦੂਜੇ ਪਾਸੇ ਬਿਠਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਇਸਾਈਆਂ ਕੋਲੋਂ ਪੈਸਾ ਮਿਲੇ ਤਾਂ ਉਸ ਨੂੰ ਧਰਮ ਪਰਿਵਰਤਨ ਲਈ ਵਰਤਿਆ ਜਾਣ ਵਾਲਾ ਪੈਸਾ ਸਮਝਿਆ ਜਾਂਦਾ ਹੈ।
ਸਬੰਧਿਤ ਖ਼ਬਰ- ਖੰਨਾ ਪੁਲਿਸ ਤੇ ਪਾਦਰੀ ਹਵਾਲਾ ਮਾਮਲੇ ਸਬੰਧੀ ਅਕਾਲੀ ਦਲ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ, IG ਕ੍ਰਾਈਮ ਨੂੰ ਸੌਪੀ ਜਾਂਚ
ਪਾਦਰੀ ਨੇ ਦੱਸਿਆ ਕਿ ਜਿਸ ਸਮੇਂ ਪੁਲਿਸ ਆਈ, ਉਸ ਸਮੇਂ ਬੈਂਕ ਵਾਲੇ ਵੀ ਘਰ ਮੌਜੂਦ ਸੀ। ਚੋਣਾਂ ਕਰਕੇ ਕੈਸ਼ ਜਮਾ ਕਰਵਾਉਣ ਲਈ ਬੈਂਕ ਵਾਲਿਆਂ ਨੂੰ ਬੁਲਾਇਆ ਸੀ ਪਰ ਪੁਲਿਸ ਨੇ ਬੈਂਕ ਵਾਲਿਆਂ ਦੀ ਵੀ ਕਿਸੇ ਗੱਲ 'ਤੇ ਯਕੀਨ ਨਹੀਂ ਕੀਤਾ। ਇੱਕ ਪੁਲਿਸ ਮੁਲਾਜ਼ਮ ਦੀ ਨੇਮ ਪਲੇਟ 'ਤੇ ਗਗਨਦੀਪ ਸਿੰਘ ਲਿਖਿਆ ਸੀ। ਪੁਲਿਸ ਨੇ ਇਨਕਮ ਟੈਕਸ ਵਿਭਾਗ ਨੂੰ ਬੁਲਵਾਇਆ। ਵਿਭਾਗ ਨੇ ਉਨ੍ਹਾਂ ਨੂੰ ਪੈਸੇ ਗਿਣਤੀ ਕਰਵਾ ਕੇ ਜਾਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਖੰਨਾ ਦੇ ਐਸਐਸਪੀ ਧਰੁਵ ਨੇ ਉਨ੍ਹਾਂ ਨਾਲ ਸਿਰਫ ਪੰਜ ਮਿੰਟ ਗੱਲ ਕੀਤੀ। ਪੰਜਾਬੀ ਵਿੱਚ ਲਿਖੇ ਕਾਗਜ਼ 'ਤੇ ਦਸਤਖਤ ਕਰਵਾਏ।