ਜਲੰਧਰ: ਹਿਊਮਨ ਰਾਈਟ ਫਰੰਟ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਦੇ ਦਫ਼ਤਰ ਵਿੱਚ ਅੱਜ ਦਪਹਿਰ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਸ਼ਸ਼ੀ ਸ਼ਰਮਾ ਤੇ ਉਨ੍ਹਾਂ ਦੇ ਮੁੰਡੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਪਿਉ-ਪੁੱਤਰ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਮਿਸ਼ਨਰੇਟ ਪੁਲਿਸ ਨੂੰ ਸੌਂਪੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਸ਼ੀ ਸ਼ਰਮਾ ਤੇ ਉਨ੍ਹਾਂ ਦਾ ਪੁੱਤਰ ਅੱਜ ਬੱਸ ਸਟੈਂਡ ਦੇ ਨੇੜੇ ਮਾਰਕਿਟ ਸਥਿਤ ਆਪਣੇ ਦਫ਼ਤਰ ਅੰਦਰ ਬੈਠੇ ਸਨ ਕਿ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਨੌਜਵਾਨ ਆਏ ਤੇ ਉਨ੍ਹਾਂ ਦੋਵਾਂ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੋਵਾਂ ਜਣਿਆਂ ਨੂੰ ਗੰਭੀਰ ਫੱਟ ਲੱਗੇ ਹਨ।