ਜਲੰਧਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਵਿੱਚ ਅਜਿਹੀ ਦੁਕਾਨ ਖੋਲ੍ਹੀ ਗਈ ਹੈ, ਜਿੱਥੇ ਕੋਈ ਵੀ ਸਾਮਾਨ ਸਿਰਫ 13 ਰੁਪਏ ਵਿੱਚ ਵੇਚਿਆ ਜਾਂਦਾ ਹੈ। ਜ਼ਰੂਰਤਮੰਦਾਂ ਲਈ ਖੋਲ੍ਹੀ ਇਸ ਦੁਕਾਨ ਵਿੱਚ ਲੋਕ ਆਪਣਾ ਸਾਮਾਨ ਦੇ ਸਕਦੇ ਹਨ। ਸੇਵਾਦਾਰ ਇਸ ਸਾਮਾਨ ਦੀ ਮੁਰੰਮਤ ਕਰਵਾਉਂਦੇ ਹਨ ਤੇ ਮਗਰੋਂ ਜ਼ਰੂਰਤਮੰਦਾਂ ਨੂੰ 13 ਰੁਪਏ ਵਿੱਚ ਵੇਚ ਦਿੰਦੇ ਹਨ।
ਜਲੰਧਰ ਦੇ ਹਰਬੰਸ ਨਗਰ ਵਿੱਚ ਜ਼ਰੂਰਤਮੰਦਾਂ ਵਾਸਤੇ ਇਹ ਦੁਕਾਨ ਖੋਲ੍ਹੀ ਗਈ ਹੈ। ਇੱਥੋਂ ਕੋਈ ਵੀ ਜ਼ਰੂਰਤਮੰਦ ਸਿਰਫ 13 ਰੁਪਏ ਵਿੱਚ ਕੱਪੜੇ ਤੇ ਹੋਰ ਸਾਮਾਨ ਖਰੀਦ ਸਕਦਾ ਹੈ। ਸ਼ਹਿਰ ਦੇ ਲੋਕ ਇੱਥੇ ਸਾਮਾਨ ਦਾਨ ਵਿੱਚ ਦਿੰਦੇ ਹਨ। ਇਸ ਦੁਕਾਨ ਨੂੰ ਚਲਾਉਣ ਵਾਲੀ ਸੰਸਥਾ ਕੱਪੜਿਆਂ ਦੀ ਮੁਰੰਮਤ ਕਰਵਾਉਂਦੀ ਹੈ, ਫਿਰ ਇਸ ਨੂੰ ਲੋਕਾਂ ਵਾਸਤੇ ਵੇਚਣ ਲਈ ਰੱਖ ਦਿੱਤਾ ਜਾਂਦਾ ਹੈ। ਸੰਸਥਾ ਨਾਲ ਜੁੜੇ ਕਰੀਬ 60 ਲੋਕ ਇੱਥੇ ਥੋੜ੍ਹੀ-ਥੋੜ੍ਹੀ ਦੇਰ ਲਈ ਸੇਵਾ ਕਰਦੇ ਹਨ। ਹਰ ਮੈਂਬਰ ਨੂੰ ਵ੍ਹੱਟਸਐਪ ਦੇ ਗਰੁੱਪ ਰਾਹੀਂ ਮੈਸੇਜ ਕਰਕੇ ਦੱਸ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਸੇਵਾ ਕਿੰਨੇ ਤੋਂ ਕਿੰਨੇ ਵਜੇ ਤੱਕ ਹੈ।
ਦੁਕਾਨ ਵਿੱਚ ਸੇਵਾ ਨਿਭਾਅ ਰਹੇ ਮਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਤੇਰਾ-ਤੇਰਾ ਦਾ ਮਹੱਤਵ ਦੱਸਿਆ ਸੀ। ਉਸੇ 'ਤੇ ਚੱਲ ਕੇ ਉਨ੍ਹਾਂ ਦੀ ਸੰਸਥਾ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਸ਼ਹਿਰ ਵਿੱਚ ਜੇਕਰ ਕੋਈ ਆਪਣੇ ਘਰੋਂ ਹੀ ਸਾਮਾਨ ਭੇਜਣਾ ਚਾਹੇ ਤਾਂ ਫੋਨ 'ਤੇ ਦੱਸ ਸਕਦੇ ਹਨ। ਜਥੇਬੰਦੀ ਦੇ ਮੈਂਬਰ ਘਰੋਂ ਸਾਮਾਨ ਲੈ ਆਉਂਦੇ ਹਨ ਤੇ ਉਸ ਨੂੰ ਵਿਕਰੀ ਲਈ ਦੁਕਾਨ ਵਿੱਚ ਰੱਖ ਦਿੱਤਾ ਜਾਂਦਾ ਹੈ।
ਸੰਸਥਾ ਨਾਲ ਜੁੜੇ ਪ੍ਰਾਪਰਟੀ ਡੀਲਰ ਚਰਜੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਜਿੰਨਾ ਟਾਇਮ ਹੋ ਸਕੇ ਇੱਥੇ ਸੇਵਾ ਕਰਨੀ ਚਾਹੀਦੀ ਹੈ। ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੱਥੇ ਕੋਈ ਵੀ ਆ ਕੇ ਸੇਵਾ ਕਰ ਸਕਦਾ ਹੈ। ਇੱਥੇ ਕੱਪੜੇ ਦੇਣ ਆਏ ਨਿਤਿਨ ਕੌੜਾ ਨੇ ਦੱਸਿਆ ਕਿ ਨੌਜਵਾਨਾਂ ਦਾ ਇਹ ਬੜਾ ਚੰਗਾ ਉਪਰਾਲਾ ਹੈ। ਇਸ ਨਾਲ ਸੇਵਾ ਦਾ ਮੌਕਾ ਵੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਤੇਰਾ-ਤੇਰਾ ਦੇ ਸੰਦੇਸ਼ ਨੂੰ ਹੋਰ ਅੱਗੇ ਤੋਰਿਆ ਵੀ ਜਾ ਸਕਦਾ ਹੈ।