ਅਕਤੂਬਰ 2002 ਵਿੱਚ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ 17 ਜਨਵਰੀ, 2019 ਵਿੱਚ ਸੀਬੀਆਈ ਦੇ ਜੱਜ ਜਗਦੀਪ ਸਿੰਘ ਨੇ ਆਪਣਾ ਫੈਸਲਾ ਸੁਣਾਉਂਦਿਆਂ ਰਾਮ ਰਹੀਮ ਨੂੰ ਮੌਤ ਤਕ ਉਮਰ ਕੈਦ, ਜੋ ਕਿ ਉਸ ਦੀ ਬਲਾਤਕਾਰ ਦੀ 20 ਸਾਲ ਦੀ ਸਜ਼ਾ ਤੋਂ ਬਾਅਦ ਸ਼ੁਰੂ ਹੋਵੇਗੀ ਅਤੇ ਨਾਲ 50,000 ਰੁਪਏ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ 13 ਸਫ਼ਿਆਂ ਦਾ ਫੈਸਲਾ ਲਿਖਿਆ, ਜਿਸ ਵਿੱਚ ਉਨ੍ਹਾਂ ਸੱਚੀ ਪੱਤਰਕਾਰੀ ਦੀ ਅਹਿਮਤ ਦਰਸਾਈ ਤੇ ਛੱਤਰਪਤੀ ਦੀ ਸ਼ਲਾਘਾ ਕੀਤੀ। ਜੱਜ ਜਗਦੀਪ ਸਿੰਘ ਫੈਸਲੇ ਵਿੱਚ ਲਿਖਦੇ ਹਨ ਕਿ ਕਿਸੇ ਵੀ ਇਮਾਨਦਾਰ ਤੇ ਸਮਰਪਿਤ ਪੱਤਰਕਾਰ ਲਈ ਸੱਚ ਦੀ ਰਿਪੋਰਟ ਕਰਨਾ ਬੇਹੱਦ ਮੁਸ਼ਕਲ ਕੰਮ ਹੈ। ਇਹ ਕੰਮ ਉਦੋਂ ਹੋਰ ਵੀ ਔਖਾ ਹੋ ਜਾਂਦਾ ਹੈ ਜਦ ਕਿਸੇ ਅਸਰਦਾਰ ਵਿਅਕਤੀ ਖ਼ਿਲਾਫ਼ ਲਿਖਣਾ ਹੋਵੇ, ਜਿਸ ਨੂੰ ਆਮ ਲੋਕਾਂ ਤੋਂ ਲੈਕੇ ਸਿਆਸੀ ਪਾਰਟੀਆਂ ਦਾ ਬੇਹੱਦ ਸਮਰਥਨ ਹਾਸਲ ਹੋਵੇ। ਇਸ ਮਾਮਲੇ ਵਿੱਚ ਅਜਿਹਾ ਹੋਇਆ। ਉਨ੍ਹਾਂ ਛੱਤਰਪਤੀ ਬਾਰੇ ਕਿਹਾ ਕਿ ਇੱਕ ਇਮਾਨਦਾਰ ਪੱਤਰਕਾਰ ਨੇ ਪ੍ਰਭਾਵਸ਼ਾਲੀ ਡੇਰਾ ਮੁਖੀ ਤੇ ਉਸ ਦੀਆਂ ਗਤੀਵਿਧੀਆਂ ਬਾਰੇ ਲਿਖਿਆ ਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ।
ਸਰਕਾਰ, ਕਾਰਜਪਾਲਿਕਾ ਤੇ ਨਿਆਂਪਾਲਿਕਾ ਮਗਰੋਂ ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਤੇ ਜੱਜ ਜਗਦੀਪ ਸਿੰਘ ਨੇ ਲਿਖਿਆ ਕਿ ਲੋਕਤੰਤਰ ਦੇ ਥੰਮ ਨੂੰ ਇਸ ਤਰ੍ਹਾਂ ਮਿਟਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਰਾਮ ਰਹੀਮ ਤੇ ਤਿੰਨੇ ਹੋਰ ਦੋਸ਼ੀਆਂ ਦੀ ਸਜ਼ਾ 'ਤੇ ਬਹਿਸ ਦੋ ਵਜੇ ਸ਼ੁਰੂ ਹੋਈ। ਬਹਿਸ ਮਗਰੋਂ ਫੈਸਲੇ ਦੀ ਕਾਪੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਰਾਮ ਰਹੀਮ ਤੇ ਅੰਬਾਲਾ ਜੇਲ੍ਹ ਵਿੱਚ ਕੈਦ ਕ੍ਰਿਸ਼ਨ ਲਾਲ, ਕੁਲਦੀਪ ਤੇ ਨਿਰਮਲ ਨੂੰ ਭੇਜੀ ਗਈ ਤੇ ਚਾਰਾਂ ਤੋਂ ਦਸਤਖ਼ਤ ਕਰਵਾ ਕੇ ਵਾਪਸ ਈ-ਮੇਲ ਰਾਹੀਂ ਫੈਸਲੇ ਦੀ ਕਾਪੀ ਅਦਾਲਤ ਵਿੱਚ ਮੰਗਵਾਈ ਗਈ। ਇਸ ਪ੍ਰਕਿਰਿਆ ਵਿੱਚ ਗੁਜ਼ਰਦਿਆਂ ਫੈਸਲਾ ਆਉਣ ਵਿੱਚ ਕੁਝ ਸਮਾਂ ਲੱਗ ਗਿਆ।
ਅਗਸਤ 2017 ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਕੈਦ ਰਾਮ ਰਹੀਮ ਦੀ ਹਾਲੇ 19 ਸਾਲ ਦੀ ਸਜ਼ਾ ਬਾਕੀ ਹੈ। ਇਸ ਸਮੇਂ ਰਾਮ ਰਹੀਮ 51 ਸਾਲਾਂ ਦਾ ਹੈ। ਜਦ ਬਲਾਤਕਾਰ ਦੀ ਸਜ਼ਾ ਪੂਰੀ ਹੋਵੇਗੀ ਤਾਂ ਰਾਮ ਰਹੀਮ 70 ਵਰ੍ਹਿਆਂ ਦਾ ਹੋ ਜਾਵੇਗਾ। ਇਸ ਤੋਂ ਬਾਅਦ ਪੱਤਰਕਾਰ ਦੇ ਕਤਲ ਮਾਮਲੇ ਦੀ ਸਜ਼ਾ ਸ਼ੁਰੂ ਹੋਵੇਗੀ। ਅਜਿਹੇ ਵਿੱਚ ਰਾਮ ਰਹੀਮ ਨੂੰ ਸਾਰੀ ਉਮਰ ਜੇਲ੍ਹ ਵਿੱਚ ਹੀ ਗੁਜ਼ਾਰਨੀ ਪਵੇਗੀ।
ਜੱਜ ਜਗਦੀਪ ਸਿੰਘ ਵੱਲੋਂ ਗੁਰਮੀਤ ਰਾਮ ਰਹੀਮ, ਕ੍ਰਿਸ਼ਨ ਲਾਲ, ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਖ਼ਿਲਾਫ਼ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਮਾਮਲੇ ਵਿੱਚ ਦਿੱਤੇ ਗਏ ਫੈਸਲੇ ਦੀ ਕਾਪੀ ਹੇਠਾਂ ਪੜ੍ਹ ਸਕਦੇ ਹੋ-