ਇਸਲਾਮਾਬਾਦ: ਪਾਕਿਸਤਾਨ ਨੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮੁਸ਼ਕਲ ਦੱਸਿਆ। ਇਸ ਦੇ ਨਾਲ ਹੀ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਸਬੰਧਾਂ ਬਾਰੇ ਭਾਰਤ ਦੀਆਂ ਨੀਤੀਆਂ ਸਪਸ਼ਟ ਨਹੀਂ ਹਨ। ਇੰਨਾ ਹੀ ਨਹੀਂ, ਪਾਕਿਸਤਾਨ ਨੇ ਭਾਰਤ ਨੂੰ ਆਪਣੀ ਗੱਲੋਂ ਮੁਕਰਨ ਦੇ ਵੀ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਦੋਪੱਖੀ ਵਾਰਤਾ ਦੇ ਮੁੱਦੇ ਨੂੰ ਹੱਲ ਕਰਨ ਦੀ ਗਤੀ ਮੱਠੀ ਪੈਂਦੀ ਜਾ ਰਹੀ ਹੈ।
ਵਿਦੇਸ਼ੀ ਮੰਤਰਾਲੇ ਦੇ ਬੁਲਾਰਾ ਮੁਹੰਮਦ ਫੈਜ਼ਲ ਨੇ ਕਿਹਾ ਕਿ ਪੀਐਮ ਇਮਰਾਨ ਖ਼ਾਨ ਨੇ ਆਪਣੇ ਭਾਰਤੀ ਹਮਰੁਤਬਾ ਨਰੇਂਦਰ ਮੋਦੀ ਨੂੰ ਸਤੰਬਰ 2018 ਨੂੰ ਲਿਖੇ ਪੱਤਰ ਵਿੱਚ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦਾ ਖਾਕਾ ਸਪਸ਼ਟ ਕਰ ਦਿੱਤਾ ਸੀ। ਉਹ ਪਹਿਲਾਂ ਤਾਂ ਇਸ ਲਈ ਤਿਆਰ ਹੋ ਗਏ ਪਰ ਅਗਲੇ ਹੀ ਦਿਨ ਆਪਣੀ ਗੱਲੋਂ ਮੁਕਰ ਗਏ।
ਇੱਧਰ ਭਾਰਤ ਨੇ ਪਾਕਿਸਤਾਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸਰਹੱਦ ਦੇ ਪਾਰ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਉਨ੍ਹਾਂ ਭਾਰਤ ’ਤੇ ਪਾਕਿਸਤਾਨ ਦੀਆਂ ਨੀਤੀਆਂ ਵਿੱਚ ਸਪਸ਼ਟਤਾ ਨਾ ਹੋਣ ਦਾ ਵੀ ਇਲਜ਼ਾਮ ਲਾਇਆ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਦੀ ਨੀਤੀ ਉਦੋਂ ਹੀ ਉਜਾਗਰ ਹੋ ਗਈ ਸੀ ਜਦੋਂ ਉਸ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਆਪਣੇ ਮੰਤਰੀਆਂ ਨੂੰ ਭੇਜਿਆ ਤੇ ਅਗਲੇ ਦਿਨ ਦਾਅਵਾ ਕੀਤਾ ਕਿ ਮੰਤਰੀਆਂ ਦੀ ਯਾਤਰਾ ਨਿੱਜੀ ਸੀ।