Jallianwala Bagh massacre: ਜਲਿਆਵਾਲਾ ਬਾਗ ਟਰੱਸਟ ਵੱਲੋਂ ਕਰਵਾਏ ਜਾ ਰਹੇ ਸਮਾਗਮ ਦਾ ਸ਼ਹੀਦਾਂ ਦੇ ਪਰਿਵਾਰਾਂ ਨੇ ਬਾਈਕਾਟ ਕਰ ਦਿੱਤਾ ਹੈ। ਜੱਲਿਆਵਾਲੇ ਬਾਗ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਏ ਆਜ਼ਾਦੀ ਪ੍ਰਵਾਨਿਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਸੱਦ ਕੇ ਸਿਰਫ ਅੱਥਰੂ ਪੁੰਜਾਈ ਕੀਤੀ ਜਾਂਦੀ ਹੈ ਪਰ ਆਮ ਜਿੰਦਗੀ 'ਚ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ ਜੋ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਮਿਲਦਾ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਟੇਕ ਚੰਦ, ਕਰਨਦੀਪ ਸਿੰਘ ਤੇ ਸੁਨੀਲ ਕਪੂਰ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਮੰਗ ਬਾਬਤ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਪਹਿਲਾਂ ਕਈ ਵਾਰ ਜਾਣੂ ਕਰਵਾ ਦਿੱਤਾ ਹੈ।

ਦੂਜੇ ਪਾਸੇ ਜੱਲਿਆਵਾਲਾ ਬਾਗ ਰਾਸ਼ਟਰੀ ਸਮਾਰਕ ਟਰੱਸਟ ਵੱਲੋਂ ਕਰਵਾਏ ਸ਼ਰਧਾਂਜਲੀ ਸਮਾਗਮ 'ਚ ਭਾਜਪਾ ਦੇ ਰਾਜ ਸਭਾ ਮੈਂਬਰ ਦੁਸ਼ਅੰਤ ਗੌਤਮ ਤੇ ਸ਼ਵੇਤ ਮਲਿਕ ਪੁੱਜੇ ਹਨ ਜਿੱਥੇ ਜੱਲਿਆਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਦੱਸ ਦਈਏ ਕਿ ਜਲ੍ਹਿਆਂਵਾਲਾ ਬਾਗ ਦਾ ਸਾਕਾ ਵਿਸਾਖੀ ਵਾਲੇ ਦਿਨ ਯਾਨੀ 13 ਅਪ੍ਰੈਲ ਨੂੰ ਹੋਇਆ ਸੀ। ਅੱਜ ਯਾਨੀ 13 ਅਪ੍ਰੈਲ 2022 ਨੂੰ ਇਸ ਸਾਕੇ ਨੂੰ 103 ਸਾਲ ਪੂਰੇ ਹੋ ਗਏ ਹਨ। ਹਰ ਭਾਰਤੀ ਇਸ ਦਿਨ ਨੂੰ ਸ਼ਹੀਦੀ ਦਿਵਸ ਵਜੋਂ ਮਨਾਉਂਦਾ ਹੈ। ਇਸ ਦਿਨ ਪੰਜਾਬ ਦੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਖੂਨ ਦੀਆਂ ਨਦੀਆਂ ਵਹਾਈਆਂ ਗਈਆਂ ਸਨ।


 

ਅੰਗਰੇਜ਼ਾਂ ਨੇ ਸਿਰਫ਼ 10 ਮਿੰਟਾਂ ਵਿੱਚ ਹੀ 1650 ਦੇ ਕਰੀਬ ਗੋਲੀਆਂ ਚਲਾਈਆਂ ਸਨ। ਇਨ੍ਹਾਂ ਗੋਲੀਆਂ ਤੋਂ ਬਚਣ ਲਈ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲ ਮਾਰ ਦਿੱਤੀ। ਕੁਝ ਹੀ ਸਮੇਂ ਵਿੱਚ ਖੂਹ ਲਾਸ਼ਾਂ ਨਾਲ ਭਰ ਗਿਆ। ਵੈਸੇ ਅੱਜ ਵੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਸਨ, ਇਸ ਦਾ ਸਹੀ ਅੰਕੜਾ ਨਹੀਂ ਮਿਲ ਸਕਿਆ। ਪਰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ 484 ਸ਼ਹੀਦਾਂ ਦੇ ਨਾਮ ਦਰਜ ਹਨ। ਅੰਗਰੇਜ਼ੀ ਸਰਕਾਰ ਦੇ ਦਸਤਾਵੇਜ਼ਾਂ ਵਿੱਚ 379 ਲੋਕਾਂ ਦੀ ਮੌਤ ਹੋ ਗਈ ਤੇ 200 ਤੋਂ ਵੱਧ ਲੋਕ ਜ਼ਖਮੀ ਹੋਏ ਪਰ, ਅਪੁਸ਼ਟ ਅੰਕੜਿਆਂ ਅਨੁਸਾਰ, ਲਗਪਗ 1000 ਲੋਕ ਸ਼ਹੀਦ ਹੋਏ ਤੇ 2000 ਤੋਂ ਵੱਧ ਲੋਕ ਜ਼ਖਮੀ ਹੋਏ।