ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਲਖਨਪੁਰ ਵਿੱਚ ਟਰੱਕ ਵਿੱਚੋਂ ਹਥਿਆਰ ਫੜੇ ਜਾਣ ਮਗਰੋਂ ਮੀਡੀਆ ਵਿੱਚ ਚਰਚਾ ਹੈ ਕਿ ਪਾਕਿ ਖੁਫੀਆ ਏਜੰਸੀ ਆਈਐਸਆਈ ਪੰਜਾਬ ਰਾਹੀਂ ਕਸ਼ਮੀਰ ਵਿੱਚ ਹਥਿਆਰ ਸਪਲਾਈ ਕਰ ਰਹੀ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਵੀ ਦਾਅਵਾ ਕੀਤਾ ਹੈ ਕਿ ਟਰੱਕ ਵਿੱਚ ਸਵਾਰ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਨੂੰ ਹਥਿਆਰ ਬਟਾਲਾ ਤੋਂ ਦਿੱਤੇ ਗਏ ਸੀ। ਦੂਜੇ ਪਾਸੇ ਪੰਜਾਬ ਪੁਲਿਸ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਰੱਦ ਕੀਤਾ ਹੈ।


ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਬਟਾਲਾ ਵਿੱਚ ਦਹਿਸ਼ਤਗਰਦਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਹੈ ਕਿ ਨਾ ਹੀ ਟਰੱਕ ਦੇ ਮਾਧੋਪੁਰ ਤੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਉਪਰ ਟੌਲ ਪਲਾਜ਼ਾ ਉਪਰ ਕੋਈ ਐਂਟਰੀ ਦਾ ਸਬੂਤ ਮਿਲਿਆ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਟਰੱਕ ਵਿੱਚੋਂ ਹਥਿਆਰ ਕਿੱਥੋਂ ਆਏ, ਇਸ ਦੇ ਅਜੇ ਕੋਈ ਸਬੂਤ ਨਹੀਂ।

ਦਰਅਸਲ ਜੰਮੂ-ਕਸ਼ਮੀਰ ਦੇ ਲਖਨਪੁਰ ਵਿੱਚ 12 ਸਤੰਬਰ ਨੂੰ ਹਥਿਆਰਾਂ ਸਮੇਤ ਕਾਬੂ ਕੀਤੇ ਜੈਸ਼-ਏ-ਮੁਹੰਮਦ ਦੇ ਤਿੰਨ ਦਹਿਸ਼ਤਗਰਦਾਂ ਦੇ ਮਾਮਲੇ ਬਾਰੇ ਪੰਜਾਬ ਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਵੱਖ-ਵੱਖ ਸਟੈਂਡ ਲੈਣ ਨਾਲ ਸਥਿਤੀ ਭੰਬਲਭੂਸੇ ਵਾਲੀ ਬਣ ਗਈ ਹੈ। ਜੰਮੂ ਦੀ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਕਤ ਟਰੱਕ ਵਿੱਚ ਸਵਾਰ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਨੂੰ ਹਥਿਆਰ ਬਟਾਲਾ ਤੋਂ ਦਿੱਤੇ ਗਏ ਤੇ ਟਰੱਕ ਦਾ ਰੂਟ ਵਾਇਆ ਬਮਿਆਲ ਤੋਂ ਕਠੂਆ ਦਰਸਾਇਆ ਜਾ ਰਿਹਾ ਹੈ।

ਇੱਕ ਗੱਲ ਤਾਂ ਸਪਸ਼ਟ ਹੈ ਕਿ 8 ਤਰੀਕ ਨੂੰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਉਪਰ ਕੱਥੂਨੰਗਲ ਟੌਲ ਪਲਾਜ਼ਾ ਉਪਰ ਰਾਤ 9.15 ਵਜੇ ਉਕਤ ਟਰੱਕ ਦੇ ਦਾਖਲ ਹੋਣ ਦੀ ਐਂਟਰੀ ਦਰਜ ਹੈ। ਹੁਣ 8 ਤਰੀਕ ਦੀ ਰਾਤ ਤੋਂ 12 ਤਰੀਕ ਸਵੇਰੇ 8 ਵਜੇ ਤੱਕ ਟਰੱਕ ਕਿੱਥੇ ਗਾਇਬ ਰਿਹਾ, ਇਹ ਸਵਾਲ ਚੁਣੌਤੀਪੂਰਨ ਬਣ ਗਿਆ ਹੈ। ਇਹ ਵੀ ਸਚਾਈ ਹੈ ਕਿ ਜਾਂ ਤਾਂ ਪੰਜਾਬ ਪੁਲਿਸ ਇਸ ਬਾਰੇ ਝੂਠ ਬੋਲ ਰਹੀ ਹੈ ਜਾਂ ਜੰਮੂ ਪੁਲਿਸ।

ਆਮ ਤੌਰ ’ਤੇ ਹਥਿਆਰ ਤੇ ਨਸ਼ੀਲੇ ਪਦਾਰਥ ਕਸ਼ਮੀਰ ਘਾਟੀ ਵਿੱਚੋਂ ਦੇਸ਼ ਦੇ ਹੋਰ ਸੂਬਿਆਂ ਨੂੰ ਜਾਂਦੇ ਰਹੇ ਹਨ ਪਰ ਇਹ ਪਹਿਲੀ ਵਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵੱਲੋਂ ਹਥਿਆਰ ਕਸ਼ਮੀਰ ਘਾਟੀ ਨੂੰ ਭੇਜੇ ਗਏ ਹਨ। ਪਠਾਨਕੋਟ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਸਰਹੱਦੀ ਖੇਤਰ ਹੋਣ ਕਰਕੇ ਸੰਵੇਦਨਸ਼ੀਲ ਹੈ। ਇੱਥੇ ਸ਼ਾਂਤੀ ਭੰਗ ਕਰਨ ਲਈ ਕਈ ਵਾਰ ਹਮਲੇ ਹੋ ਚੁੱਕੇ ਹਨ।

ਸਾਲ 2016 ਵਿੱਚ ਪਠਾਨਕੋਟ ਏਅਰਬੇਸ ਵਿੱਚ 4 ਪਾਕਿਸਤਾਨੀ ਦਹਿਸ਼ਤਗਰਦ ਬਮਿਆਲ ਰਸਤੇ ਤੋਂ ਇੱਥੇ ਦਾਖਲ ਹੋ ਗਏ ਸਨ ਜਿਨ੍ਹਾਂ ਲਈ ਏਅਰਫੋਰਸ, ਐਨਐਸਜੀ ਤੇ ਭਾਰਤੀ ਫੌਜ ਨੂੰ ਲੰਬਾ ਅਪਰੇਸ਼ਨ ਚਲਾੳਣਾ ਪਿਆ ਸੀ। ਇਸ ਤੋਂ ਛੇ ਮਹੀਨੇ ਪਹਿਲਾਂ ਬਮਿਆਲ ਸੈਕਟਰ ਰਾਹੀਂ ਹੀ ਪਾਕਿਸਤਾਨ ਦੇ 4 ਦਹਿਸ਼ਤਗਰਦਾਂ ਨੇ ਦਾਖਲ ਹੋ ਕੇ ਦੀਨਾਨਗਰ ਥਾਣੇ ਉਪਰ ਹਮਲਾ ਕਰ ਦਿੱਤਾ ਸੀ। ਇਨ੍ਹਾਂ ਨੂੰ ਪੰਜਾਬ ਪੁਲਿਸ ਨੇ ਮਾਰ ਮੁਕਾਇਆ ਸੀ। ਇਸ ਕਰਕੇ ਇਹ ਖੇਤਰ ਬਹੁਤ ਹੀ ਸੰਵੇਦਨਸ਼ੀਲ ਹੈ।