ਫ਼ਿਰੋਜ਼ਪੁਰ: ਵਿਦਿਆਰਥੀ ਜਥੇਬੰਦੀ ਸੋਪੂ ਦੇ ਪ੍ਰਧਾਨ ਸ਼ਿਵ ਧਾਲੀਵਾਲ (20) ਉਰਫ਼ ਸ਼ਿਵਾ ਦਾ ਤਿੰਨ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਹ ਵਾਰਦਾਤ ਸ਼ਹਿਰ ਦੇ ਇੱਛੇ ਵਾਲਾ ਰੋਡ ਉੱਤੇ ਵਾਪਰੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੁਲੇਟ ਮੋਟਰਸਾਈਕਲ ਉੱਤੇ ਫ਼ਰਾਰ ਹੋ ਗਏ।


ਘਟਨਾ ਵੇਲੇ ਸ਼ਿਵਾ ਦੇ ਨਾਲ ਉਸ ਦਾ ਇੱਕ ਦੋਸਤ ਸਾਹਿਲ ਵੀ ਸੀ, ਜਿਸ ਪਾਸੋਂ ਪੁਲੀਸ ਪੁੱਛਗਿਛ ਕਰ ਰਹੀ ਹੈ। ਸਾਹਿਲ ਦਾ ਕਹਿਣਾ ਹੈ ਕਿ ਵਾਰਦਾਤ ਵੇਲੇ ਉਹ ਕਿਸੇ ਤਰ੍ਹਾਂ ਉੱਥੋਂ ਮੋਟਰਸਾਈਕਲ ਉੱਤੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਸ਼ਿਵਾ 12ਵੀਂ ਵਿੱਚ ਪੜ੍ਹਦਾ ਸੀ ਤੇ ਆਪਣੀ ਮਾਂ ਤੇ ਵੱਡੀ ਭੈਣ ਨਾਲ ਸਿਵਲ ਹਸਪਤਾਲ ’ਚ ਦਰਜਾ ਚਾਰ ਕਰਮਚਾਰੀਆਂ ਲਈ ਬਣੇ ਸਰਕਾਰੀ ਕੁਆਰਟਰ ਵਿੱਚ ਰਹਿੰਦਾ ਸੀ।

ਸ਼ੁੱਕਰਵਾਰ ਰਾਤ ਉਹ ਆਪਣੇ ਦੋਸਤ ਸਾਹਿਲ ਨਾਲ ਘਰੋਂ ਨਿਕਲਿਆ ਸੀ। ਸ਼ਿਵਾ ਦੀ ਮਾਂ ਸਿਵਲ ਹਸਪਤਾਲ ਵਿੱਚ ਦਰਜਾ ਚਾਰ ਕਰਮਚਾਰੀ ਹੈ ਤੇ ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਸ਼ਿਵਾ ਦੀ ਮਾਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚੋਂ ਡਿਊਟੀ ਖ਼ਤਮ ਕਰ ਕੇ ਵਾਪਸ ਘਰ ਜਾਣ ਲੱਗੀ ਸੀ ਕਿ ਉਸ ਨੂੰ ਉਸ ਦੇ ਪੁੱਤਰ ਦੇ ਜ਼ਖ਼ਮੀ ਹੋਣ ਬਾਰੇ ਪਤਾ ਲੱਗਿਆ।

ਕੋਈ ਰਾਹਗੀਰ ਸ਼ਿਵਾ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਵਾ ਦੇ ਪੇਟ ਵਿੱਚ ਤੇਜ਼ਧਾਰ ਹਥਿਆਰ ਨਾਲ ਚਾਰ ਵਾਰ ਕੀਤੇ ਗਏ ਤੇ ਕਰੀਬ ਛੇ ਵਾਰ ਹੋਰ ਉਸ ਦੇ ਸ਼ਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਏ ਗਏ।