ਗਗਨਦੀਪ ਸ਼ਰਮਾ


ਅੰਮ੍ਰਿਤਸਰ: ਜੰਡਿਆਲਾ ਗੁਰੂ ਵਿਖੇ ਪਨਗ੍ਰੇਨ ਗੁਦਾਮਾਂ 'ਚੋਂ ਗਾਇਬ ਹੋਏ ਫੂਡ ਸਪਲਾਈ ਵਿਭਾਗ ਦਾ ਕਰੋੜਾਂ ਦੇ ਅਨਾਜ ਦੇ ਮਾਮਲੇ 'ਚ ਥਾਣਾ ਜੰਡਿਆਲਾ ਗੁਰੂ 'ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਜਸਦੇਵ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜੋ ਜ਼ਿਲੇ ਦੇ ਡੀਐਫਐਸਸੀ ਰਿਸ਼ੀ ਰਾਜ ਦੇ ਬਿਆਨਾਂ 'ਤੇ ਦਰਜ ਹੋਇਆ ਹੈ।


ਬੀਤੇ ਕੱਲ ਜਾਂਚ ਕਰਨ ਲਈ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲਿਆਂ ਦੇ ਡਾਇਰੈਕਟਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਲ੍ਹਾ ਫੂਡ ਕੰਟਰੋਲਰ ਨੂੰ ਚਾਰ ਜ਼ਿਲ੍ਹਿਆਂ ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ ਤੇ ਤਰਨਤਾਰਨ ਦੇ ਡੇਢ ਦਰਜਨ ਦੇ ਕਰੀਬ ਅਧਿਕਾਰੀਆਂ ਦੀ ਟੀਮ ਨਾਲ ਭੇਜਿਆ ਸੀ, ਜਿਨਾਂ ਨੇ ਜੰਡਿਆਲਾ ਗੁਰੂ ਜਾ ਕੇ ਪਨਗ੍ਰੇਨ ਦੇ ਗੁਦਾਮ 'ਚ ਜਾ ਕੇ ਬਕਾਇਦਾ ਜਾਂਚ ਸ਼ੁਰੂ ਕਰ ਦਿੱਤੀ ਤੇ ਪਤਾ ਲੱਗਾ ਸੀ ਕਿ 87160 ਕੁਇੰਟਲ  ਕਣਕ ਗਾਇਬ ਸੀ।


ਇਸ ਸੰਬੰਧੀ ਅਨਾਜ ਖੁਰਦ ਬੁਰਦ ਹੋਣ ਬਾਬਤ ਜਾਂਚ ਕਰਨ ਲਈ ਬਕਾਇਦਾ ਡਾਇਰੈਕਟਰ ਨੇ ਪੱਤਰ ਜਾਰੀ ਕਰਕੇ ਟੀਮ ਨੂੰ ਜੰਡਿਆਲਾ ਭੇਜਿਆ ਸੀ। ਜੰਡਿਆਲਾ ਗੁਰੂ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਇੰਸਪੈਕਟਰ ਜਸਦੇਵ ਸਿੰਘ ਦੇ ਖਿਲਾਫ ਜੇਰੇ ਦਫਾ 420, 409 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।


ਗੁਦਾਮ ਦੇ ਨਿਗਰਾਨ ਇੰਚਾਰਜ ਵਜੋੰ ਵਿਭਾਗ ਦੇ ਇੰਸਪੈਕਟਰ ਜਸਦੇਵ ਸਿੰਘ ਦੇ ਪਿਛਲੇ ਦਿਨੀ ਲਾਪਤਾ ਹੋ ਜਾਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੋਣ ਲੱਗਾ ਤੇ ਕਾਫੀ ਦਿਨਾਂ ਬਾਅਦ ਜਦ ਵਿਭਾਗ ਨੇ ਜਾਂਚ ਕਰਵਾਈ ਤਾਂ ਸਾਹਮਣੇ ਆਇਆ ਕਿ ਵੱਡੀ ਸੰਖਿਆ 'ਚ ਅਨਾਜ ਗਾਇਬ ਸੀ ਤਾਂ ਵਿਭਾਗ ਨੇ ਬਿਨਾਂ ਦੇਰੀ ਕੀਤਿਆਂ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਸੀ। ਜਾਣਕਾਰੀ ਮੁਤਾਬਕ ਇੰਸਪੈਕਟਰ ਜਸਦੇਵ ਸਿੰਘ ਫਿਲਹਾਲ ਫਰਾਰ ਹੈ।


ਇੰਸਪੈਕਟਰ ਜਸਦੇਵ ਸਿੰਘ ਪਟਿਆਲਾ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਭਾਣਜਾ ਦੱਸਿਆ ਜਾ ਰਿਹਾ ਹੈ। ਪਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਫੋਨ 'ਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜਸਦੇਵ ਸਿੰਘ ਨਾਂਅ ਦਾ ਉਨਾਂ ਦਾ ਕੋਈ ਭਾਣਜਾ ਨਹੀਂ, ਸਗੋਂ ਉਨ੍ਹਾਂ ਦੇ ਭਾਣਜੇ ਦਾ ਨਾਂਅ ਜਸਦੀਪ ਸਿੰਘ ਹੈ, ਜੋ ਮਾਰਕੀਟ ਕਮੇਟੀ 'ਚ ਨੌਕਰੀ ਕਰਦਾ ਹੈ ਤੇ ਜਸਦੇਵ ਸਿੰਘ ਨਾਲ ਉਨਾਂ ਦਾ ਕੋਈ ਵਾਸਤਾ ਨਹੀਂ ਹੈ।


ਐਫਆਈਆਰ ਦੀ ਕਾਪੀ