Punjab News: ਬਹੁਜਨ ਸਮਾਜ ਪਾਰਟੀ (BSP)ਦੇ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਇਹ ਫੈਸਲਾ ਪਾਰਟੀ ਹਾਈਕਮਾਂਡ ਨੇ ਲਿਆ ਹੈ। ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।


ਪਾਰਟੀ ਨੇ ਹੁਣ ਉਨ੍ਹਾਂ ਦੀ ਥਾਂ ਅਵਤਾਰ ਸਿੰਘ ਕਰੀਮਪੁਰੀ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਸਬੰਧੀ ਮੰਗਲਵਾਰ ਸ਼ਾਮ ਨੂੰ ਹੁਕਮ ਜਾਰੀ ਕੀਤੇ ਗਏ ਹਨ। ਕਰੀਮਪੁਰੀ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਉਹ ਐਮ.ਐਲ.ਏ ਅਤੇ ਐਮ.ਪੀ. ਰਹਿ ਚੁੱਕੇ ਹਨ।
ਦੱਸ ਦਈਏ ਕਿ ਜਸਬੀਰ ਸਿੰਘ ਗੜ੍ਹੀ 2019 ਤੋਂ ਬਸਪਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਉਨ੍ਹਾਂ ਦੀ ਪ੍ਰਧਾਨਗੀ ਹੇਠ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ। ਇਸ ਚੋਣ ਵਿਚ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕੀਤਾ ਸੀ।


ਉਨ੍ਹਾਂ ਦੀ ਪ੍ਰਧਾਨਗੀ ਹੇਠ ਬਸਪਾ ਜਨਰਲ ਸਕੱਤਰ ਨਛੱਤਰ ਪਾਲ ਸਿੰਘ ਨੇ ਨਵਾਂਸ਼ਹਿਰ ਤੋਂ ਜਿੱਤ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਉਹ ਖੁਦ ਫਗਵਾੜਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਉਹ 31232 ਵੋਟਾਂ (24.41%) ਨਾਲ ਤੀਜੇ ਸਥਾਨ 'ਤੇ ਰਹੇ।


ਪਾਰਟੀ ਪ੍ਰਧਾਨ ਰਹਿ ਚੁੱਕੇ ਕਰੀਮਪੁਰੀ
ਅਵਤਾਰ ਸਿੰਘ ਕਰੀਮਪੁਰੀ ਪਾਰਟੀ ਦੇ ਪੁਰਾਣੇ ਆਗੂਆਂ ਵਿੱਚੋਂ ਇੱਕ ਹਨ। ਉਹ ਇਸ ਤੋਂ ਪਹਿਲਾਂ 2014 ਤੋਂ 2016 ਤੱਕ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਉਹ 2008 ਤੋਂ 2014 ਤੱਕ ਰਾਜ ਸਭਾ ਮੈਂਬਰ ਰਹੇ। ਉਹ ਯੂਪੀ ਤੋਂ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ 1992 ਤੋਂ 1997 ਤੱਕ ਵਿਧਾਇਕ ਰਹਿ ਚੁੱਕੇ ਹਨ।