California truck Accident: ਅਮਰੀਕਾ ਵਿੱਚ ਇੱਕ ਟਰੱਕ ਹਾਦਸੇ ਦੇ ਦੋਸ਼ੀ 22 ਸਾਲਾ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਨਕਾਰ ਦਿੱਤਾ ਹੈ ਕਿ ਉਨ੍ਹਾਂ ਦਾ ਪੁੱਤਰ ਗੱਡੀ ਚਲਾਉਂਦੇ ਸਮੇਂ ਸ਼ਰਾਬ ਪੀ ਰਿਹਾ ਸੀ। ਡਰਾਈਵਰ ਦੇ ਪਰਿਵਾਰ ਨੇ ਕਿਹਾ ਕਿ ਉਹ ਇੱਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਸਨੇ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕੀਤਾ।

Continues below advertisement

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਦੀਨਾਨਗਰ ਦੇ ਪਿੰਡ ਪੁਰਾਣਾ ਸ਼ਾਲਾ ਦੇ 21 ਸਾਲਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ  ਕਮਲਜੀਤ ਸਿੰਘ ਚਾਵਲਾ ਸਮੇਤ ਮੇਰੇ ਨਾਲ ਮੁਲਾਕਾਤ ਕੀਤੀ । ਭਾਵੇਂ ਉਨ੍ਹਾਂ ਦੀਆਂ ਅੱਖਾਂ ‘ਚ ਦੁੱਖ ਦੀ ਪੀੜਾ ਸੀ, ਪਰ ਨਾਲ ਹੀ ਉਮੀਦ ਦੀ ਰੌਸ਼ਨੀ ਵੀ ਸੀ । 

Continues below advertisement

ਉਨ੍ਹਾਂ ਨੇ ਪੂਰਨ ਭਰੋਸੇ ਨਾਲ ਕਿਹਾ ਕਿ ਜਸ਼ਨਪ੍ਰੀਤ, ਇੱਕ ਮਿਹਨਤੀ ਅਤੇ ਸੰਜੀਦਾ ਨੌਜਵਾਨ ਹੈ , ਜਿਸ ‘ਤੇ ਅਮਰੀਕਾ ਦੇ ਸੈਨ ਬਰਨਾਰਡੀਨੋ ਕਾਓੂਂਟੀ ‘ਚ ਹੋਈ ਦੁੱਖਦਾਈ I-10 ਸੜਕੀ ਹਾਦਸੇ ‘ਦੌਰਾਨ ਨਸ਼ੇ ਦੇ ਅਸਰ ਹੇਠ ਹੋਣ ਦਾ ਗਲਤ ਦੋਸ਼ ਲਗਾਇਆ ਗਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਟੌਕਸੀਕੋਲੋਜੀ ਦੀਆਂ ਰਿਪੋਰਟਾਂ ਗੰਭੀਰ ਤੌਰ ‘ਤੇ ਗਲਤ ਹਨ ਅਤੇ ਉਨ੍ਹਾਂ ਦੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ । 

ਜਿੱਥੇ ਮੈਂ ਇਸ ਦਰਦਨਾਕ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਲਈ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੋਇਆ ਦੁਖੀ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਉਂਦਾ ਹਾਂ, ਉੱਥੇ ਹੀ ਮੈਂ ਅਮਰੀਕੀ ਅਧਿਕਾਰੀਆਂ ਨੂੰ ਨਿਮਰ ਅਪੀਲ ਕਰਦਾ ਹਾਂ ਕਿ ਪੂਰੇ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕੀਤੀ ਜਾਵੇ, ਵਿਦੇਸ਼ ‘ਚ ਰਹਿੰਦਾ ਇਹ ਨੌਜਵਾਨ ਹਮਦਰਦੀ ਦਾ ਹੱਕਦਾਰ ਹੈ । 

ਇਸ ਦੇ ਨਾਲ ਹੀ ਮੈਂ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਜਸ਼ਨਪ੍ਰੀਤ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ । ਜਸ਼ਨਪ੍ਰੀਤ ਦੀਆਂ ਅਦਾਲਤ ‘ਚ ਬਿਨਾਂ ਦਸਤਾਰ ਦੇ ਤਸਵੀਰਾਂ ਸਾਹਮਣੇ ਆਉਣੀਆਂ ਬਹੁਤ ਹੀ ਦੁਖਦਾਈ ਹਨ ਕਿਉਂਕਿ ਇਹ ਉਸ ਦੀ ਸਿੱਖ ਪਹਿਚਾਣ ਦੀ ਉਲੰਘਣਾ ਹੈ, ਜੋ ਸਾਡੀ ਚਿੰਤਾ ਨੂੰ ਹੋਰ ਵਧਾਉਂਦੀ ਹੈ । ਅਸੀਂ ਅਰਦਾਸ ਕਰਦੇ ਹਾਂ ਕਿ ਇਨਸਾਫ਼ ਦਇਆ ਭਾਵਨਾ ਨਾਲ ਹੋਵੇ ।

ਜਸ਼ਨਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਦੱਖਣੀ ਕੈਲੀਫੋਰਨੀਆ ਵਿੱਚ ਕਥਿਤ ਤੌਰ 'ਤੇ ਆਪਣੇ ਟਰੱਕ ਨੂੰ ਹੌਲੀ-ਹੌਲੀ ਚੱਲ ਰਹੇ ਵਾਹਨਾਂ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਬ੍ਰੇਕ ਲਗਾਉਣ ਵਿੱਚ ਅਸਫਲ ਰਿਹਾ। ਇਹ ਵੀ ਕਿਹਾ ਗਿਆ ਕਿ ਡਰਾਈਵਰ ਸ਼ਰਾਬੀ ਸੀ।