ਚੰਡੀਗੜ੍ਹ: ਕੰਮਕਾਜੀ ਵੀਜ਼ਾ ਰਾਹੀਂ ਕੈਨੇਡਾ ਗਏ 24 ਸਾਲਾ ਨੌਜਵਾਨ ਜਸਜੀਤ ਸਿੰਘ ਤੁੰਗ ਦੀ ਉੱਥੇ ਮੌਤ ਹੋਣ ਦੀ ਖ਼ਬਰ ਹੈ। ਜਸਜੀਤ ਸਿੰਘ ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਬਸੀ ਗੁੱਜਰਾਂ ਦੇ ਭੱਠਾ ਕਾਰੋਬਾਰੀ ਜਸਵੰਤ ਸਿੰਘ ਤੁੰਗ ਦਾ ਪੁੱਤਰ ਸੀ ਤੇ ਕੈਨੇਡਾ ਦੇ ਸ਼ਹਿਰ ਮੌਂਟਰੀਅਲ ’ਚ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਤਾਇਆ ਠੇਕੇਦਾਰ ਕੁਲਵੰਤ ਸਿੰਘ ਤੁੰਗ ਨੇ ਦੱਸਿਆ ਕਿ ਜਸਜੀਤ ਸਿੰਘ ਤਿੰਨ ਕੁ ਮਹੀਨੇ ਪਹਿਲਾਂ ਹੀ ਵਰਕ ਪਰਮਿਟ ’ਤੇ ਕੈਨੇਡਾ ਗਿਆ ਸੀ। ਬੀਤੇ ਦਿਨ ਉਹ ਆਪਣੇ ਕੰਮ ਤੋਂ ਆਪਣੀ ਕਾਰ ਵਿੱਚ ਘਰ ਆ ਰਿਹਾ ਸੀ ਪਰ ਅਚਾਨਕ ਵਾਪਰੇ ਹਾਦਸੇ ਦੌਰਾਨ ਕਾਰ ਵਿੱਚ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਸਜੀਤ ਸਿੰਘ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਪਰ ਉੱਥੋਂ ਦੀ ਪੁਲੀਸ ਇਸ ਨੂੰ ਕੁਦਰਤੀ ਮੌਤ ਦੱਸ ਰਹੀ ਹੈ।
ਜਸਜੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਕਾਰਨ ਪਿੰਡ ਵਿੱਚ ਅੰਦਰ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜਸਜੀਤ ਸਿੰਘ ਦੀ ਮ੍ਰਿਤਕ ਦੇਹ ਸੋਮਵਾਰ ਜਾਂ ਮੰਗਲਵਾਰ ਤਕ ਪਿੰਡ ਪਹੁੰਚੇਗੀ।