ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਹੋਈ ਪ੍ਰੇਸ਼ਾਨੀ ਲਈ ਸਾਬਕਾ ਖਾਲਿਸਤਾਨੀ ਜਸਪਾਲ ਅਟਵਾਲ ਨੇ ਕੈਨੇਡਾ 'ਚ ਪ੍ਰੈੱਸ ਕਾਨਫਰੰਸ ਕਰਕੇ ਮਾਫੀ ਮੰਗੀ ਹੈ। ਅਟਵਾਲ ਨੂੰ ਕੈਨੇਡਾ 'ਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਨੂੰ ਮਾਰਨ ਦੀ ਸਾਜ਼ਿਸ਼ ਦੇ ਕੇਸ਼ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਸ ਦੇ ਭਾਰਤ ਦੌਰੇ 'ਤੇ ਪਹੁੰਚਣ ਕਰਕੇ ਵੱਡਾ ਮੁੱਦਾ ਬਣ ਗਿਆ ਸੀ।
ਅਟਵਾਲ ਨੇ ਵੈਨਕੂਵਰ ਆਪਣੇ ਵਕੀਲ ਦੇ ਦਫਤਰ 'ਚ ਮੀਡੀਆ ਨੂੰ ਬਿਆਨ ਦਿੰਦੇ ਕਿਹਾ ਕਿ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ, ਉਸ ਦੇ ਭਾਰਤ ਆਉਣ 'ਤੇ ਮੁੱਦਾ ਬਣ ਜਾਵੇਗਾ। ਅਟਵਾਲ ਨੇ ਵਕੀਲ ਵੱਲੋਂ ਲਿਖਿਆ ਬਿਆਨ ਪੜ੍ਹਦੇ ਹੋਏ ਕਿਹਾ ਕਿ ਉਸ ਨੂੰ ਕਿਸੇ ਨੇ ਇਸ ਬਾਰੇ ਸੂਚਿਤ ਵੀ ਨਹੀਂ ਕੀਤਾ ਗਿਆ। ਬਿਆਨ ਨੂੰ ਖਤਮ ਕਰਦੇ ਅਟਵਾਲ ਨੇ ਕਿਹਾ, "ਮੈਂ ਭਾਰਤ, ਕੈਨੇਡਾ ਦੋਵਾਂ ਦੇਸ਼ਾਂ ਸਮੇਤ ਉੱਥੇ ਦੇ ਲੋਕਾਂ ਤੋਂ ਤੇ ਆਪਣੇ ਭਾਈਚਾਰੇ ਤੇ ਪਰਿਵਾਰਕ ਮੈਂਬਰਾਂ ਤੋਂ ਪ੍ਰੇਸ਼ਾਨੀ ਦੀ ਮਾਫੀ ਮੰਗਦਾ ਹੈ।"
ਕੈਨੇਡਾ ਦੇ 'The Star' ਅਖਬਾਰ 'ਚ ਛਪੇ ਬਿਆਨ ਮੁਤਾਬਕ ਅਟਵਾਲ ਨੇ ਇਹ ਵੀ ਕਿਹਾ ਕਿ ਉਹ ਮਲਕੀਤ ਸਿੰਘ ਸਿੱਧੂ ਨੂੰ ਮਾਰਨ ਦੀ ਘਟਨਾ ਦੀ ਸਾਜ਼ਿਸ਼ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ। ਅਟਵਾਲ ਨੇ ਕਿਹਾ ਕਿ 1984 'ਚ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਤੋਂ ਬਾਅਦ, ਉਹ ਵੱਖਵਾਦੀ ਬਣ ਗਿਆ ਸੀ। ਹਾਲਾਂਕਿ ਅਟਵਾਲ ਨੇ ਮਲਕੀਤ ਸਿੰਘ 'ਤੇ ਕੀਤੇ ਹਮਲੇ ਦੇ ਮਾਮਲੇ 'ਚ ਕੈਨੇਡਾ ਦੀ ਅਦਾਲਤ ਵੱਲੋਂ ਸੁਣਾਏ ਫੈਸਲੇ ਨੂੰ ਗ਼ਲਤ ਨਹੀਂ ਕਿਹਾ।
ਦਰਅਸਲ ਕੈਨੇਡਾ ਦੇ ਹੀ ਇੱਕ ਐਮਪੀ ਰਣਦੀਪ ਸਿੰਘ ਸਰਾਏ ਨੇ ਡਿਨਰ ਵਿੱਚ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨੂੰ ਸੱਦਾ ਦਿੱਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਦਾ ਡਿਨਰ ਸੱਦਾ ਪੱਤਰ ਰੱਦ ਕਰ ਦਿੱਤਾ ਸੀ। ਪਟੇਲ ਨੇ ਭਾਰਤ ਦੀ ਫੇਰੀ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਟੀਮ ਦੇ ਸਨਮਾਨ ਲਈ ਇਹ ਡਿਨਰ ਪ੍ਰੋਗਰਾਮ ਰੱਖਿਆ ਸੀ।