ਚੰਡੀਗੜ੍ਹ: ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਜੱਸੀ ਜਸਰਾਜ ਨੇ ਸੰਗਰੂਰ ਹਲਕੇ ਵਿੱਚ ਪਹੁੰਚ ਕੇ ਪਹਿਲਾ ਹਮਲਾ ਆਪਣੇ ਪੁਰਾਣੇ ਸਾਥੀ ਸੰਸਦ ਮੈਂਬਰ ਭਗਵੰਤ ਮਾਨ 'ਤੇ ਹੀ ਕੀਤਾ ਹੈ। ਉਨ੍ਹਾਂ ਨੇ ਭਗਵੰਤ ਮਾਨ 'ਤੇ ਨਿੱਜੀ ਹਮਲਾ ਕਰਦਿਆਂ ਕਿਹਾ ਕਿ ਜਿਹੜਾ ਲੀਡਰ ਆਪਣੇ ਪਰਿਵਾਰ ਨੂੰ ਇਕੱਠਾ ਨਹੀਂ ਰੱਖ ਸਕਿਆ, ਉਹ ਪਾਰਟੀ ਨੂੰ ਇਕੱਠਾ ਕਿਵੇਂ ਰੱਖ ਸਕਦਾ ਹੈ। ਜੱਸੀ ਜਸਰਾਜ ਕਿਸੇ ਵੇਲੇ ਭਗਵੰਤ ਮਾਨ ਦੇ ਨੇੜੇ ਰਹਿ ਚੁੱਕੇ ਹਨ। ਉਨ੍ਹਾਂ ਦੇ ਹਮਲਿਆਂ ਤੋਂ ਲੱਗਦਾ ਹੈ ਕਿ ਹੁਣ ਘਰ ਦਾ ਭੇਤੀ ਲੰਕਾ ਢਾਏਗਾ।


ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਆਪਣੇ ਲੀਡਰਾਂ ’ਚ ਏਕਤਾ ਦੀ ਘਾਟ ਕਾਰਨ ਹਾਰ ਦਾ ਮੂੰਹ ਵੇਖਣਾ ਪਿਆ, ਜਿਸ ਵਿੱਚ ਭਗਵੰਤ ਮਾਨ ਮੁੱਖ ਤੌਰ ’ਤੇ ਜ਼ਿੰਮੇਵਾਰ ਸੀ। 'ਆਪ' ਦੀ ਟਿਕਟ 'ਤੇ ਚੋਣ ਲੜ ਚੁੱਕੇ ਜੱਸੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਸੱਚ ਨੂੰ ਨਕਾਰਦਿਆਂ ਲਗਾਤਾਰ ਕੀਤੀਆਂ ਗਈਆਂ ਗਲਤੀਆਂ ਨੇ ‘ਆਪ’ ਦਾ ਝਾੜੂ ਤੀਲਾ ਤੀਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਨੂੰ ਹਰਾਉਣ ਲਈ ਚੋਣ ਨਹੀਂ ਲੜ ਰਹੇ, ਸਗੋਂ ਉਹ ਸੰਗਰੂਰ ਨੂੰ ਜਿਤਾਉਣ ਆਏ। ਉਨ੍ਹਾਂ ਭਗਵੰਤ ਮਾਨ ਵੱਲੋਂ ਚੋਣ ਫੰਡ ਲਈ ਕੀਤੀ ਅਪੀਲ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਮਾਨ ਨੂੰ ਐਨਆਰਆਈ ਭਰਾਵਾਂ ਵੱਲੋਂ ਬਹੁਤ ਫੰਡ ਭੇਜਿਆ ਗਿਆ ਸੀ ਜੋ ਹੁਣ ਵਿਆਜ਼ ਲੱਗ ਕੇ ਕਰੋੜਾਂ ’ਚ ਹੋ ਗਿਆ ਹੋਵੇਗਾ।