ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮੁਅੱਤਲ ਲੀਡਰ ਜੱਸੀ ਜਸਰਾਜ ਨੇ ਇੱਕ ਵਾਰ ਫਿਰ ਪਾਰਟੀ ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੂੰ ਪੈਸੇ ਲੈ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਕੋਈ ਸਲਿਪ ਨਹੀਂ ਦਿੱਤੀ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਪਾਰਟੀ ਦੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਬਜ਼ਰਵਰ ਗਜੇਂਦਰ ਸ਼ਰਮਾ 'ਤੇ ਇਹ ਇਲਜ਼ਾਮ ਲਾਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦਾ ਜੋ ਅਕਸ ਦਿਖਾਇਆ ਜਾ ਰਿਹਾ ਹੈ, ਕੇਜਰੀਵਾਲ ਸਿਰਫ ਉਹ ਹੀ ਪੰਜਾਬ ਦੇਖ ਰਹੇ ਹਨ। ਉਨ੍ਹਾਂ ਆਪਣੇ ਆਪ ਨੂੰ ਕੇਜਰੀਵਾਲ ਦੀ ਤਰ੍ਹਾਂ ਸੱਚ ਦੀ ਰਾਹ 'ਤੇ ਚੱਲਣ ਵਾਲਾ ਨੇਤਾ ਦੱਸਿਆ। ਆਪਣੇ 'ਤੇ ਲੱਗੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਆਪ ਲੀਡਰਸ਼ਿਪ ਕੋਲ ਮੇਰੇ ਖਿਲਾਫ ਕੋਈ ਸਬੂਤ ਹੈ ਤਾਂ ਪੇਸ਼ ਕਰਨ।
ਆਪ ਦੇ ਸੀ.ਐਮ. ਉਮੀਦਵਾਰ ਲਈ ਉਨ੍ਹਾਂ ਨੇ ਐਚ.ਐਸ. ਫੂਲਕਾ ਨੂੰ ਯੋਗ ਉਮੀਦਵਾਰ ਕਿਹਾ। ਜਸਰਾਜ ਨੇ ਕਿਹਾ ਕਿ ਭਗਵੰਤ ਮਾਨ ਬਾਰੇ ਉਨ੍ਹਾਂ ਨੂੰ ਲੋਕਾਂ ਤੋਂ ਜੋ ਫੀਡਬੈਕ ਮਿਲ ਰਹੀ ਹੈ, ਉਸ ਮੁਤਾਬਕ ਭਗਵੰਤ ਮਾਨ ਸੀ.ਐਮ. ਅਹੁਦੇ ਦੇ ਉਮੀਦਵਾਰ ਲਈ ਯੋਗ ਨਹੀਂ ਹਨ।