ਚੰਡੀਗੜ੍ਹ: ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵਿਚਾਲੇ ਖੜਕ ਗਈ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੋਂ ਤੋੜ ਵਿਛੋੜਾ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਸਿੱਖ ਮਸਲਿਆਂ ਸਬੰਧੀ ਮੁਤਵਾਜ਼ੀ ਜਥੇਦਾਰਾਂ ਦੀਆਂ ਹੋਣ ਵਾਲੀਆਂ ਮੀਟਿੰਗਾਂ 'ਚ ਹਿੱਸਾ ਨਾਂ ਲੈਣ ਦਾ ਫ਼ੈਸਲਾ ਲਿਆ ਹੈ। ਇਸ ਮੌਕੇ ਭਾਈ ਅਜਨਾਲਾ ਨੇ ਕਿਹਾ ਕਿ ਸਿੱਖ ਸੰਗਤਾਂ ਚਾਹੁਣ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਕਿਸੇ ਹੋਰ ਸ਼ਖ਼ਸੀਅਤ ਨੂੰ ਨਿਯੁਕਤ ਕਰ ਸਕਦੀਆਂ ਹਨ।


ਜਥੇਦਾਰ ਅਜਨਾਲਾ ਵੱਲੋਂ ਜਥੇਦਾਰ ਮੰਡ ਤੇ ਭਾਈ ਦਾਦੂਵਾਲ ਤੋਂ ਕਿਨਾਰਾ ਕਰ ਲੈਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਪੰਥਕ ਹਲਕਿਆਂ 'ਚ ਹਲਚਲ ਮਚੀ ਗਈ। ਇਸ ਸਬੰਧੀ ਅੱਜ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਵਿਖੇ ਮੌਜੂਦ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੱਸਿਆ ਕਿ 2015 ਵਿੱਚ ਪੰਜਾਬ ਦੀ ਧਰਤੀ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਵਿੱਚ ਬਹੁਤ ਰੋਸ ਪੈਦਾ ਹੋਇਆ ਸੀ ਜੋ ਵਧਦਾ-ਵਧਦਾ ਸਰਬੱਤ ਖਾਲਸਾ ਦਾ ਰੂਪ ਧਾਰਨ ਕਰ ਗਿਆ।

ਸਰਬੱਤ ਖਾਲਸਾ ਦੀ ਸਟੇਜ ਉਪਰ ਸਿੱਖ ਕੌਮ ਦੇ ਹੱਕ ਵਿੱਚ ਮਤਿਆਂ ਦਾ ਐਲਾਨ ਹੋਇਆ। ਇਸ ਮੌਕੇ ਚਾਰ ਜਥੇਦਾਰਾਂ ਦਾ ਵੀ ਐਲਾਨ ਹੋਇਆ ਜਿਸ ਵਿੱਚ ਦਾਸ ਦਾ ਨਾਮ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਸਿੱਖ ਸੰਗਤਾਂ ਦੀਆਂ ਕੁਝ ਭਾਵਨਾਵਾਂ ਸਨ ਜਿਸ ਦੇ ਚਲਦੇ ਸੰਗਤਾਂ ਨੇ ਤਖਤਾਂ ਦੀ ਨੁਮਾਇੰਦੇ ਵਜੋਂ ਸੇਵਾ ਦਾ ਮੌਕਾ ਬਖਸ਼ੀਆ। ਉਨ੍ਹਾਂ ਕਿਹਾ ਮੈਂ ਆਪਣੀ ਕਾਰਗੁਜਾਰੀ 'ਤੇ ਅਫਸੋਸ ਕੀਤਾ ਸੀ ਤੇ ਕਿਹਾ ਸੀ ਕਿ ਮੈਂ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਨਹੀਂ ਨਿਭਾਅ ਸਕਦਾ ਪਰ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਸੇਵਾ ਦੇਣੀ ਹੈ ਸੋ ਮੈਂ ਉਨ੍ਹਾਂ ਦੀ ਸੇਵਾ ਸਵੀਕਾਰ ਕੀਤੀ।

ਉਨ੍ਹਾਂ ਦੱਸਿਆਂ ਕਿ ਹੁਣ ਮੈਂ ਸਹਿਯੋਗੀ ਜਥੇਦਾਰ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋ ਸਕਦਾ ਕਿਉਂਕਿ ਮੇਰੇ ਵਿੱਚ ਕੋਈ ਸਮਰਥਾ ਨਹੀਂ ਮੇਰੇ ਵਿੱਚ ਕੋਈ ਯੋਗਤਾ ਨਹੀਂ ਕਿ ਮੈਂ ਬਹੁਤ ਸਮਾਂ ਇਸ ਜਥੇਦਾਰੀ ਦੇ ਅਹੁਦੇ 'ਤੇ ਰਹਿ ਕੇ ਸੇਵਾ ਕਰ ਸਕਾਂ। ਉਨ੍ਹਾਂ ਕਿਹਾ ਕਿ ਮੈਂ ਆਪਣੀਆਂ ਉਣਤਾਈਆਂ ਤੇ ਆਪਣੀਆਂ ਅਣਗਹਿਲੀਆਂ ਤੇ ਆਪਣੇ ਵਿੱਚ ਨਾ ਯੋਗਤਾ ਸਮਝਦਾ ਹੋਇਆ ਆਪਣੇ ਇਸ ਅਹੁਦੇ ਤੋਂ ਸੰਗਤਾਂ ਕੋਲੋਂ ਮੁਆਫੀ ਮੰਗਦਾ ਹਾਂ।