ਅੰਮ੍ਰਿਤਸਰ: ਖ਼ਾਲਿਸਤਾਨ 'ਤੇ ਬਿਆਨ ਦੇਣ ਤੋਂ ਬਾਅਦ ਚਰਚਾ 'ਚ ਆਏ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬੋਲਾਂ ਵਿੱਚ ਵੱਡਾ ਬਦਲਾਅ ਆਇਆ ਹੈ। ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ 'ਤੇ ਖ਼ਾਲਿਸਤਾਨ ਦੀ ਮੰਗ ਨੂੰ ਜਾਇਜ਼ ਕਰਾਰ ਦੇਣ ਵਾਲੇ ਜਥੇਦਾਰ ਨੇ ਹੁਣ ਕਿਹਾ ਕਿ ਸਿੱਖ ਕੌਮ ਨੂੰ ਖਾਲਿਸਤਾਨ ਨਾਲ ਜੋੜ ਕੇ ਗਲਤ ਧਾਰਨਾ ਬਣਾਈ ਜਾ ਰਹੀ ਹੈ।


ਜਥੇਦਾਰ ਨੇ ਕਿਹਾ ਸਿੱਖਾਂ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਦੁਸ਼ਮਨ ਦੇਸ਼ ਕਿਸੇ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਭਾਰਤੀ ਸੰਵਿਧਾਨ ਖ਼ਿਲਾਫ ਤੇ ਅੱਤਵਾਦ ਵੱਲ ਧੱਕਣ 'ਚ ਸਫ਼ਲ ਨਾ ਹੋ ਸਕਣ। ਉਨ੍ਹਾਂ ਕਿਹਾ ਸਿੱਖ ਦੁਨੀਆਂ ਭਰ 'ਚ ਸ਼ਾਂਤੀ, ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਲਈ ਜਾਣੇ ਜਾਂਦੇ ਹਨ।


ਉਨ੍ਹਾਂ ਕਿਹਾ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹ ਲੋਕ ਸਿੱਖ ਕੌਮ ਨੂੰ ਆਪਣੀ ਸਿਆਸਤ ਲਈ ਜਾਨਬੁੱਝ ਕੇ ਖ਼ਾਲਿਸਤਾਨ ਨਾਲ ਜੋੜ ਕੇ ਗਲਤ ਧਾਰਨਾ ਬਣਾਉਣਾ ਚਾਹੁੰਦੇ ਹਨ। ਉਹ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ। ਕੁਝ ਲੋਕ ਹੋਰ ਦੇਸ਼ਾਂ 'ਚ ਬੈਠੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਮੇਰੇ ਬਿਆਨ ਨੂੰ ਗਲਤ ਰੰਗਤ ਦੇ ਰਹੇ ਹਨ।


ਜਥੇਦਾਰ ਨੇ ਦੋਵੇਂ ਪਾਸੇ ਗੱਲ ਰੱਖਦਿਆਂ ਕਿਹਾ ਕਿ ਸਮੇਂ-ਸਮੇਂ 'ਤੇ ਕਈ ਸਿੱਖ ਲੀਡਰਾਂ ਨੇ ਲੋਕਤੰਤਰ ਦਾ ਸਮਰਥਨ ਕਰਦਿਆਂ ਬਿਆਨ ਦਿੱਤੇ ਹਨ। ਉਨ੍ਹਾਂ ਲੋਕਤੰਤਰ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਸਿੱਖਾਂ ਦੀਆਂ ਮੰਗਾਂ ਦੀ ਵੀ ਗੱਲ ਕੀਤੀ ਹੈ।


ਉਨ੍ਹਾਂ ਕਿਹਾ ਪਾਕਿਸਤਾਨ ਤੇ ਉਨ੍ਹਾਂ ਦੀਆਂ ਏਜੰਸੀਆਂ ਨੇ ਸਿੱਖਾਂ ਅੰਦਰ ਪੈਦਾ ਹੋਏ ਬੇਗਾਨੇਪਨ ਦੇ ਅਹਿਸਾਸ ਦਾ ਫਾਇਦਾ ਚੁੱਕਦਿਆਂ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਲਈ ਪ੍ਰੇਰਿਤ ਕੀਤਾ ਤੇ ਫੰਡ ਉਪਲਬਧ ਕਰਵਾਏ। ਇਸ ਤੋਂ ਇਲਾਵਾ ਕੁਝ ਗੈਰ ਮਨੁੱਖੀ ਸ਼ਕਤੀਆਂ ਨੇ ਵੀ ਆਪਣੇ ਸਿਆਸੀ ਲਾਹੇ ਲਈ ਅਸ਼ਾਂਤੀ ਦਾ ਵਾਤਾਵਰਨ ਪੈਦਾ ਕਰਨ 'ਚ ਭੂਮਿਕਾ ਨਿਭਾਈ ਹੈ।


ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਤਤਕਾਲੀ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਸਥਾਨ 'ਤੇ ਹਮਲੇ ਕਰਵਾਉਣ ਤੇ ਸਿੱਖ ਨਸਲਕੁਸ਼ੀ 1984 ਜਿਹੀਆਂ ਘਟਨਾਵਾਂ ਨੇ ਹੀ ਸਿੱਖਾਂ ਨੂੰ ਵੱਖਰੇ ਸੂਬੇ ਦੀ ਮੰਗ ਲਈ ਪ੍ਰੇਰਿਤ ਕੀਤਾ ਹੈ। ਸਿੱਖ ਹਮੇਸ਼ਾਂ ਹੀ ਚਾਹੁੰਦੇ ਰਹੇ ਹਨ ਕਿ ਉਨ੍ਹਾਂ ਨੂੰ ਬਰਾਬਰ ਦਾ ਸਨਮਾਨ ਮਿਲੇ, ਪਰ ਸਮੇਂ-ਸਮੇਂ 'ਤੇ ਸਰਕਾਰਾਂ ਨੇ ਸਿਆਸੀ ਮਤਲਬ ਲਈ ਸਿੱਖਾਂ ਪ੍ਰਤੀ ਗਲਤ ਧਾਰਨਾ ਪੈਦਾ ਕੀਤੀ ਹੈ।


ਜਥੇਦਾਰ ਨੇ ਕਿਹਾ ਸਿੱਖਾਂ ਨੂੰ ਸੰਵਿਧਾਨ ਦੀ ਮਰਿਆਦਾ 'ਚ ਰਹਿ ਕੇ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕੇਂਦਰ ਨੂੰ ਵੀ ਕਿਹਾ ਕਿ ਸਿੱਖਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ।