ਚੰਡੀਗੜ੍ਹ: ਪੰਜਾਬੀਆਂ ਨੇ ਦੋ ਦਿਨਾਂ ਵਿੱਚ ਇੰਨਾ ਸੋਨਾ ਖ਼ਰੀਦਿਆ ਕਿ ਰਿਕਾਰਡ ਬਣਾ ਦਿੱਤਾ। ਜਿਵੇਂ ਹੀ 500-1000 ਦੇ ਨੋਟਾਂ 'ਤੇ ਪਾਬੰਦੀ ਲੱਗੀ ਤਾਂ ਘਬਰਾਏ ਲੋਕਾਂ ਨੇ ਕੈਸ਼ ਨੂੰ ਟਿਕਾਣੇ ਲਾਉਣ ਲਈ ਸੋਨਾ ਖ਼ਰੀਦਣ ਦਾ ਰਸਤਾ ਚੁਣ ਲਿਆ। ਸੋਨਾ ਖ਼ਰੀਦਣ ਵਿੱਚ ਪੰਜਾਬੀ ਸਭ ਤੋਂ ਮੋਹਰੀ ਰਹੇ।
ਧਨਤੇਰਸ ਵਾਲੇ ਦਿਨ ਤੋਂ ਵੀ ਜ਼ਿਆਦਾ ਸੋਨਾ ਮੰਗਲਵਾਰ ਤੇ ਬੁੱਧਵਾਰ ਨੂੰ ਪੰਜਾਬੀਆ ਵੱਲੋਂ ਖ਼ਰੀਦਿਆ ਗਿਆ। ਜਿਵੇਂ ਹੀ ਦੇਸ਼ ਵਿੱਚ 500 ਤੇ 1000 ਰੁਪਏ ਦੇ ਨੋਟਾਂ 'ਤੇ ਬੈਨ ਲੱਗਿਆ ਤਾਂ ਮੰਗਲਵਾਰ ਨੂੰ ਨੋਟਾਂ ਨਾਲ ਭਰੇ ਥੈਲੇ ਲੈ ਕੇ ਸੋਨਾ ਖ਼ਰੀਦਣ ਪਹੁੰਚੇ ਲੋਕਾਂ ਨੇ ਬੁੱਧਵਾਰ ਨੂੰ ਵੀ ਸੋਨੇ ਦੀ ਬੰਪਰ ਖ਼ਰੀਦ ਕੀਤੀ। ਮੰਗਲਵਾਰ ਰਾਤ ਤੱਕ ਜੋ ਸੋਨਾ 30 ਹਜ਼ਾਰ 800 ਰੁਪਏ ਪ੍ਰਤੀ ਤੋਲਾ ਸੀ, ਉਹ ਬਲੈਕ ਵਿੱਚ 48 ਤੋਂ 50 ਹਜ਼ਾਰ ਵਿੱਚ ਤੇ ਡੇਢ ਲੱਖ ਰੁਪਏ ਤੱਕ ਵਿਕਿਆ। ਜਦਕਿ ਇਹੀ ਸੋਨਾ ਲੁਧਿਆਣਾ ਵਿੱਚ 55 ਤੋਂ 60 ਹਜ਼ਾਰ ਰੁਪਏ ਵਿੱਚ ਵਿਕਿਆ।
ਭਾਰਤ ਵਿੱਚ ਸੋਨੇ ਦੀ ਮੰਗ ਇੰਨੀ ਜ਼ਿਆਦਾ ਵਧੀ ਕਿ ਪਿਛਲੇ 8 ਸਾਲਾਂ ਦਾ ਰਿਕਾਰਡ ਟੁੱਟ ਗਿਆ। ਭਾਰਤ ਵਿੱਚ ਸੋਨੇ ਦੀ ਮੰਗ ਦੇ ਚੱਲਦੇ 28 ਪ੍ਰਤੀਸ਼ਤ ਦੀ ਗਿਰਾਵਟ ਦੇਖੀ ਗਈ। ਸੋਨੇ ਦੇ ਮਹਿੰਗੇ ਹੋਣ ਦਾ ਮੁੱਖ ਕਾਰਨ ਦਿੱਲੀ ਦੇ ਸਰਾਫ਼ਾ ਬਾਜ਼ਾਰ ਵੱਲੋਂ ਸੋਨੇ ਦਾ ਰੇਟ ਜਾਰੀ ਨਹੀਂ ਕਰਨਾ ਵੀ ਰਿਹਾ। ਅਜਿਹੇ ਵਿੱਚ ਜਵੈਲਰਜ਼ ਨੇ ਵੀ ਮਨਮਰਜ਼ੀ ਨਾਲ ਰੇਟ ਵਸੂਲੇ। ਲੁਧਿਆਣਾ ਵਿੱਚ ਲੋਕਾਂ ਨੇ ਦੁਕਾਨਾਂ 'ਤੇ ਜਾਣ ਤੋਂ ਇਲਾਵਾ ਫੋਨਾਂ 'ਤੇ ਵੀ ਆਰਡਰ ਬੁੱਕ ਕਰਵਾਏ। ਡਿਲਿਵਰੀ ਤੇ ਪੇਮੈਂਟ 2 ਤੋਂ 3 ਦਿਨ ਵਿੱਚ ਹੋਵੇਗੀ।