Ludhiana News : ਲੁਧਿਆਣਾ (Ludhiana) ਦੇ ਵਰਧਮਾਨ ਚੌਕ ਵਿੱਚ ਚੱਲ ਰਹੇ ਦਸਹਿਰਾ ਮੇਲੇ ਵਿੱਚ ਝੂਲੇ (Jhula Accident )ਵਾਲੇ ਦੀ ਲਾਪ੍ਰਵਾਹੀ ਕਾਰਨ ਇੱਕ ਪਰਿਵਾਰ ਦਾ ਚਿਰਾਗ ਬੁਝ ਗਿਆ। ਝੂਲੇ ਤੋਂ ਕਰੰਟ ਲੱਗਣ ਨਾਲ ਇੱਥੇ 21 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਮੁੰਡੀਆਂ ਕਲਾਂ ਵਾਸੀ ਗਗਨਦੀਪ ਸਿੰਘ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਝੂਲਾ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਗਗਨਦੀਪ ਸਿੰਘ ਦਸਹਿਰੇ ਮੇਲਾ ਦੇਖਣ ਲਈ ਵਰਧਮਾਨ ਚੌਕ ਮੇਲੇ ਵਿੱਚ ਗਿਆ ਸੀ। ਜਿਥੇ ਉਹ ਆਪਣੇ ਦੋਸਤਾਂ ਦੇ ਨਾਲ ਝੂਲਾ ਲੈਣ ਲਈ ਚੜ੍ਹ ਗਿਆ। ਇਸ ਦੌਰਾਨ ਉਸ ਨੂੰ ਕਾਫ਼ੀ ਜ਼ੋਰ ਦੇ ਨਾਲ ਕਰੰਟ ਦਾ ਝਟਕਾ ਲੱਗਿਆ।
ਹਾਸਲ ਜਾਣਕਾਰੀ ਮੁਤਾਬਕ ਝੂਲੇ ਤੋਂ ਕਰੰਟ ਲੱਗਣ ਤੋਂ ਬਾਅਦ ਗਗਨਦੀਪ ਸਿੰਘ ਥੱਲੇ ਡਿੱਗ ਗਿਆ। ਉਸ ਨੂੰ ਉਸ ਦੇ ਦੋਸਤਾਂ ਨੇ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੇਲਾ ਪ੍ਰਬੰਧਕਾਂ ਨੇ ਤਾਂ ਪਹਿਲਾਂ ਕਿਹਾ ਕਿ ਝੂਲੇ ਤੋਂ ਕਰੰਟ ਲੱਗਣ ਨਾਲ ਨਹੀਂ ਬਲਕਿ ਨੌਜਵਾਨ ਨੂੰ ਉਲਟੀ ਆਉਣ ਨਾਲ ਉਸ ਦੀ ਮੌਤ ਹੋਈ ਹੈ। ਕਾਫ਼ੀ ਸਮਾਂ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗਗਨਦੀਪ ਸਿੰਘ ਦੇ ਦੋਸਤਾਂ ਨੇ ਪਰਿਵਾਰ ਦੇ ਨਾਲ ਇਸ ਮਾਮਲੇ ਨੂੰ ਚੁੱਕਿਆ ਤੇ ਫਿਰ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਨੇ 9 ਹਜ਼ਾਰ ਕੱਚੇ ਅਧਿਆਪਕਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਕੀਤਾ ਜਾਰੀ, ਕਿਹਾ, ਜੋ ਕਹਿੰਦੇ ਹਾਂ, ਉਹ ਕਰਦੇ ਹਾਂ
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ’ਤੇ ਅਣਪਛਾਤੇ ਝੂਲੇ ਵਾਲਿਆਂ ’ਤੇ ਕੇਸ ਦਰਜ ਕਰ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਗਗਨਦੀਪ ਸਿੰਘ ਦੇ ਰਿਸ਼ਤੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਿਸ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕਰ ਰਹੀ ਸੀ। ਬਾਅਦ ਵਿੱਚ ਜਦੋਂ ਉਨ੍ਹਾਂ ਨੇ ਵਿਰੋਧ ਸ਼ੁਰੂ ਕੀਤਾ ਤਾਂ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਝੂਲੇ ਵਾਲਿਆਂ ਦੀ ਲਾਪ੍ਰਵਾਹੀ ਦਾ ਹੈ। ਉਥੇ ਬਿਜਲੀ ਦੀਆਂ ਨੰਗੀਆਂ ਤਾਰਾਂ ਸਨ, ਜਿਥੇ ਗਗਨਦੀਪ ਸਿੰਘ ਨੂੰ ਕਰੰਟ ਲੱਗਿਆ।