Saka Panja Sahib: ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਅਟਕ ਜ਼ਿਲ੍ਹੇ ਵਿਚਲੇ ਅਪਗ੍ਰੇਡ ਕੀਤੇ ਤੇ ਗੁਰਦੁਆਰਾ ਸਾਹਿਬ ਦੀ ਤਰਜ਼ 'ਤੇ ਉਸਾਰੇ ਗਏ ਹਸਨ ਅਬਦਾਲ ਰੇਲਵੇ ਸਟੇਸ਼ਨ 'ਤੇ 1922 ਦੇ 'ਸ੍ਰੀ ਪੰਜਾ ਸਾਹਿਬ ਸ਼ਹੀਦੀ ਸਾਕੇ' ਦੇ ਬਾਅਦ ਪਹਿਲੀ ਵਾਰ ਸਾਕੇ ਦੀ ਸ਼ਹੀਦੀ ਸਾਕੇ ਦੀ ਬਰਸੀ ਮਨਾਈ ਜਾ ਰਹੀ ਹੈ।
ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਸਮੇਂ ਹਸਨ ਅਬਦਾਲ ਰੇਲਵੇ ਸਟੇਸ਼ਨ ਨੂੰ ਵਿਕਸਿਤ ਕੀਤਾ ਗਿਆ ਤੇ ਇੱਥੇ ਆਮ ਯਾਤਰੂਆਂ ਦੇ ਨਾਲ-ਨਾਲ ਸਿੱਖ ਸ਼ਰਧਾਲੂਆਂ ਨੂੰ ਬਿਹਤਰ ਤੇ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਭਾਰਤੀ ਯਾਤਰੂਆਂ 'ਚ ਸ੍ਰੀ ਪੰਜਾ ਸਾਹਿਬ ਦੇ ਇਸ ਨਵੇਂ ਉਸਾਰੇ ਰੇਲਵੇ ਸਟੇਸ਼ਨ ਨੂੰ ਵੇਖਣ ਦੀ ਤਾਂਘ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਗਰੇਜ਼ੀ ਰਾਜ 'ਚ ਬਣੇ ਉਕਤ ਇਤਿਹਾਸਕ ਰੇਲਵੇ ਸਟੇਸ਼ਨ ਦੀ 127 ਵਰ੍ਹਿਆਂ ਬਾਅਦ ਨਵ-ਉਸਾਰੀ ਕਰਵਾਈ ਗਈ ਹੈ। ਇਸ ਦੀ ਉਸਾਰੀ 'ਤੇ 30 ਕਰੋੜ ਰੁਪਏ ਦੀ ਲਾਗਤ ਆਈ। ਰੇਲਵੇ ਸਟੇਸ਼ਨ ਦੀ ਨਵੀਂ ਦੋ ਮੰਜ਼ਲਾਂ ਇਮਾਰਤ 24,502 ਵਰਗ ਫੁੱਟ 'ਚ ਤਿਆਰ ਕੀਤੀ ਗਈ ਹੈ, ਜਦਕਿ ਰੇਲਵੇ ਸਟੇਸ਼ਨ ਦਾ ਕੁੱਲ ਖੇਤਰ 101,610 ਵਰਗ ਫੁੱਟ ਹੈ।
ਭਾਰਤ ਤੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਯਾਤਰਾ 'ਤੇ ਪਹੁੰਚਣ ਵਾਲੀ ਸੰਗਤ ਦੇ ਠਹਿਰਨ ਲਈ ਰੇਲਵੇ ਸਟੇਸ਼ਨ ਦੇ ਅੰਦਰ ਕਈ ਕਮਰੇ ਵੀ ਉਸਾਰੇ ਗਏ ਹਨ। ਇਸ ਦੇ ਨਾਲ ਹੀ ਵਿਸ਼ਾਲ ਹਾਲ ਕੀਰਤਨ ਲਈ ਸੁਰੱਖਿਅਤ ਰੱਖਿਆ ਗਿਆ ਹੈ। ਯਾਤਰੂਆਂ ਲਈ ਉਡੀਕ-ਘਰ ਦੇ ਨਾਲ-ਨਾਲ ਆਧੁਨਿਕ ਸੇਵਾਵਾਂ ਵਾਲੀ ਕੰਟੀਨ ਵੀ ਬਣਾਈ ਗਈ ਹੈ।
ਰੇਲਵੇ ਸਟੇਸ਼ਨ ਦੇ ਸਾਹਮਣੇ ਪਾਸੇ ਪੰਜ-ਤਾਰਾ ਹੋਟਲ ਦੀ ਉਸਾਰੀ ਲਈ ਭੂਮੀ ਰਾਖਵੀਂ ਰੱਖੀ ਗਈ ਹੈ ਜਿੱਥੇ ਜਲਦੀ ਲਗਪਗ 1000 ਕਮਰਿਆਂ ਵਾਲੇ ਪੰਜ-ਮੰਜ਼ਲਾਂ ਹੋਟਲ ਦੀ ਉਸਾਰੀ ਸ਼ੁਰੂ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।