ਯਾਦ ਰਹੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਆਪਣਾ ਉਮੀਦਵਾਰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਸੇ ਤਰ੍ਹਾਂ ਗੱਠਜੋੜ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਐਡਵੋਕੇਟ ਐਚਐਸ ਫੂਲਕਾ ਨੇ ਵੀ ਦੂਜੀਆਂ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਬੀਬੀ ਖਾਲੜਾ ਦੇ ਹੱਕ ਵਿੱਚ ਉਮੀਦਵਾਰ ਨਾ ਉਤਾਰਿਆ ਜਾਵੇ।
ਅੱਜ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਫੂਲਕਾ ਵੱਲੋਂ ਨਵੇਂ ਸਿਰੇ ਤੋਂ ਗਠਬੰਧਨ ਬਣਾਉਣ ਦਾ ਸਵਾਗਤ ਕਰਦੇ ਹਾਂ ਪਰ ਜੇਜੇ ਸਿੰਘ ਖਡੂਰ ਸਾਹਿਬ ਤੋਂ ਸਾਡੇ ਉਮੀਦਵਾਰ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਸਤਿਕਾਰਯੋਗ ਹਨ। ਉਨ੍ਹਾਂ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਹੈ। ਇਸ ਕਰਕੇ ਉਨ੍ਹਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ ਬਲਕਿ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ।
ਟਕਸਾਲੀ ਲੀਡਰਾਂ ਨੇ ਮੰਨਿਆ ਕਿ ਗੱਠਜੋੜ ਲਈ ਆਮ ਆਦਮੀ ਪਾਰਟੀ ਨਾਲ ਮੀਟਿੰਗਾਂ ਹੋਈਆਂ ਸੀ ਪਰ ਆਨੰਦਪੁਰ ਸਾਹਿਬ ਦੀ ਸੀਟ ਕਰਕ ਗੱਲਬਾਤ ਸਿਰੇ ਨਹੀਂ ਚੜ੍ਹੀ। ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਆਗੂਆਂ ਦਾ ਕਹਿਣਾ ਸੀ ਕਿ ਆਨੰਦਪੁਰ ਸਾਹਿਬ ਦਾ ਉਮੀਦਵਾਰ ਸਾਡਾ ਫਾਈਨਾਂਸਰ ਹੈ। ਟਕਸਾਲੀ ਲੀਡਰਾਂ ਨੇ ਕਿਹਾ ਹੈ ਉਹ ਸਿਰਫ ਸੰਗਰੂਰ, ਆਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਤੋਂ ਹੀ ਲੋਕ ਸਭਾ ਚੋਣ ਲੜਣਗੇ। ਸੇਖਵਾਂ ਨੇ ਕਿਹਾ ਕਿ ਖਡੂਰ ਸਾਹਿਬ ਸੀਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਕੋਈ ਮਤਭੇਦ ਨਹੀਂ ਹਨ।