ਚੰਡੀਗੜ੍ਹ: ਅੱਜ ਪੰਜਾਬ ਭਵਨ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋਧਪੁਰ 'ਚ ਨਜ਼ਰਬੰਦ ਰਹੇ ਸਿੱਖਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੂਰੀ ਮੁਆਵਜ਼ਾ ਰਾਸ਼ੀ ਦਾ ਅੱਧਾ ਹਿੱਸਾ ਯਾਨੀ ਕਿ 2 ਕਰੋੜ 25 ਲੱਖ ਰੁਪਏ ਵੰਡੇ ਗਏ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਨੇ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡ ਰਹੇ ਸਨ, ਪਰ ਇੱਥੇ ਵੀ ਕ੍ਰੈਡਿਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੈ ਗਏ।
ਦਰਅਸਲ, ਸਟੇਜ 'ਤੇ ਬੋਲਣ ਆਏ ਬੰਦੀ ਜਸਬੀਰ ਸਿੰਘ ਘੁੰਮਣ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ 'ਚ ਕਿਹਾ ਕਿ ਮੰਚ 'ਤੇ ਸੁਸ਼ੋਭਿਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਇਸ ਗੱਲ 'ਤੇ ਸਾਰਿਆਂ 'ਚ ਹਾਸਾ ਛਿੜ ਗਿਆ। ਹਾਲਾਕਿ ਬਾਅਦ 'ਚ ਉਨ੍ਹਾਂ ਕਿਹਾ ਕਿ ਅਜੇ ਹੌਲੀ-ਹੌਲੀ ਦਿਮਾਗ ਚੋਂ ਨਿਕਲੇਗਾ।
ਦੱਸ ਦਈਏ ਕਿ ਅਦਾਲਤ ਨੇ ਇਨ੍ਹਾਂ ਬੰਦੀ ਸਿੱਖਾਂ ਲਈ ਕੁੱਲ 4.5 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਲਈ ਕਿਹਾ ਸੀ ਜਿਸ ਚੋਂ ਬਾਕੀ ਬਚਦੀ ਰਾਸ਼ੀ ਕੇਂਦਰ ਸਰਕਾਰ ਦੇਵੇਗੀ। ਇਸ ਮੌਕੇ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਮੈਂ ਵੀ ਪੰਜ ਸਾਲ ਜੋਧਪੁਰ ਜੇਲ੍ਹ 'ਚ ਬੰਦ ਰਿਹਾ ਹਾਂ। ਗਿੱਲ ਨੇ ਕਿਹਾ ਕਿ ਬਾਦਲਾਂ ਦੀ ਸਰਕਾਰ ਦੋ ਵਾਰ ਰਹੀ ਪਰ ਉਨ੍ਹਾਂ ਇਕ ਰੁਪਇਆ ਵੀ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਰਿੱਟ ਪਾਉਣ ਵਾਲਿਆਂ ਨੂੰ ਪੈਸੇ ਮਿਲੇ ਹਨ ਜਦਕਿ ਪੂਰੇ 365 ਬੰਦੀ ਸਿੱਖ ਸਨ ਤੇ ਬਾਕੀਆਂ ਨੂੰ ਵੀ ਮੁਆਵਜ਼ਾ ਰਾਸ਼ੀ ਮਿਲਣੀ ਚਾਹੀਦੀ ਹੈ।
ਜਸਬੀਰ ਸਿੰਘ ਨੇ ਦੱਸਿਆ ਕਿ ਜੇਲ੍ਹ 'ਚ ਸਾਡੇ 'ਤੇ ਕਈ ਤਸ਼ੱਦਦ ਕੀਤੇ ਗਏ, ਸਾਨੂੰ ਅਲਫ ਨੰਗਾ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਸਦਾ ਹੀ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਆਰਐਸਐਸ ਦੀ ਝੋਲੀ ਨਹੀਂ ਪੈਣਾ ਤੇ ਉਨ੍ਹਾਂ ਬਾਕੀ ਬਣਦੀ ਰਾਸ਼ੀ ਵੀ ਕੈਪਟਨ ਨੂੰ ਦੇਣ ਲਈ ਹੀ ਕਿਹਾ। ਇਸ ਮੌਕੇ ਉਨ੍ਹਾਂ ਆਪਣੇ ਬੱਚਿਆਂ ਲਈ ਨੌਕਰੀਆਂ ਦੀ ਵੀ ਮੰਗ ਕੀਤੀ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੰਦੀ ਸਿੱਖਾਂ ਦੇ ਦੁੱਖ 'ਚ ਸ਼ਰੀਕ ਹੁੰਦਿਆਂ ਕਿਹਾ ਕਿ ਕੇਂਦਰ ਨੇ ਭਰੋਸਾ ਦਵਾਇਆ ਹੈ ਕਿ ਉਹ ਬਾਕੀ ਦੀ ਰਾਸ਼ੀ ਦੇਣਗੇ। ਉਨ੍ਹਾਂ ਕੁੱਲ 365 ਬੰਦੀਆਂ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੀ ਨਾਂ ਦਿਓ ਤਾਂ ਜੋ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ।
ਇਸ ਤੋਂ ਬਾਅਦ ਕੈਪਟਨ ਨੇ ਰੋਜ਼ਗਾਰ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਨੌਕਰੀਆਂ ਅਸੀਂ ਦੇ ਹੀ ਰਹੇ ਹਾਂ। ਨਸ਼ੇ ਦੇ ਮੁੱਦੇ 'ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਨਸ਼ੇ ਦੇ ਮਾਮਲੇ 'ਚ ਅਸੀਂ ਬੇਹੱਦ ਸਖ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ 10,000 ਨਸ਼ਾ ਵੇਚਣ ਵਾਲੇ ਫੜੇ ਹਨ। ਕੈਪਟਨ ਨੇ ਕਿਹਾ ਕਿ ਚਿੱਟਾ ਤੇ ਸਮੈਕ ਬਹੁਤ ਹੱਦ ਤੱਕ ਖਤਮ ਹੋਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਟੀਕੇ ਤੇ ਗੋਲੀਆਂ ਦਾ ਨਸ਼ਾ ਕਰਨ ਲੱਗੇ ਹਨ ਜਿਸਤੋਂ ਰੋਕਣਾ ਸਾਡਾ ਤੁਹਾਡਾ ਸਭ ਦਾ ਕੰਮ ਹੈ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।