ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਵੀ ਸਗਰਮ ਹੋ ਗਈ ਹੈ। ਚੋਣਾਂ 'ਚ ਗੜਬੜੀ ਰੋਕਣ ਲਈ ਪੁਲਿਸ ਨੇ ਤਸਕਰਾਂ ਤੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ਲਈ ਪੰਜਾਬ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਕਰੇਗੀ। ਬੁੱਧਵਾਰ ਨੂੰ ਇਸ ਬਾਰੇ ਬਾਕਾਇਦਾ ਮੀਟਿੰਗ ਕਰਕੇ ਰਣਨੀਤੀ ਉਲੀਕੀ ਗਈ ਹੈ। ਮੀਟਿੰਗ ਦੌਰਾਨ ਪੁਲਿਸ ਨੇ ਮੰਨਿਆ ਕਿ ਆਪਸੀ ਤਾਲਮੇਲ ਦੀ ਘਾਟ ਦਾ ਫ਼ਾਇਦਾ ਤਸਕਰ ਤੇ ਗੈਂਗਸਟਰ ਉਠਾ ਰਹੇ ਹਨ। ਮੱਧ ਪ੍ਰਦੇਸ਼ ਦੀ ਅਫ਼ੀਮ, ਪੰਜਾਬ ਦੀ ਸ਼ਰਾਬ ਤੇ ਰਾਜਸਥਾਨ ’ਚੋਂ ਹੈਰੋਇਨ ਦੇ ਰਾਹ ਰੋਕਣ ਲਈ ਸਾਂਝੀ ਪਹੁੰਚ ’ਤੇ ਜ਼ੋਰ ਦਿੱਤਾ ਗਿਆ। ਪੰਜਾਬ ਪੁਲਿਸ ਨੇ ਅੰਤਰਰਾਜੀ ਸੀਮਾ ਸੀਲ ਕਰਨ ਲਈ 52 ਪੁਲਿਸ ਨਾਕੇ ਸ਼ਨਾਖ਼ਤ ਕੀਤੇ ਹਨ ਜਿਨ੍ਹਾਂ ’ਤੇ ਨਾਕਾਬੰਦੀ ਤੋਂ ਇਲਾਵਾ ਸੀਸੀਟੀਵੀ ਕੈਮਰੇ ਲਾਏ ਜਾਣਗੇ। ਆਈਜੀ ਫਾਰੂਕੀ ਨੇ ਮੀਟਿੰਗ ਮਗਰੋਂ ਦੱਸਿਆ ਕਿ ਤਿੰਨਾਂ ਸੂਬਿਆਂ ਦੇ ਭਗੌੜਿਆਂ, ਤਸਕਰਾਂ ਤੇ ਗੈਂਗਸਟਰਾਂ ਦੀ ਸੂਚਨਾ ਦਾ ਆਪਸੀ ਅਦਾਨ-ਪ੍ਰਦਾਨ ਕੀਤਾ ਗਿਆ ਹੈ। ਇਸ ਨਾਲ ਚੋਣਾਂ ਮੌਕੇ ਇਨ੍ਹਾਂ ਲੋਕਾਂ ਨੂੰ ਠੱਲ੍ਹ ਪਾਉਣ ਵਿਚ ਸੌਖ ਰਹੇਗੀ। ਤਿੰਨਾਂ ਸੂਬਿਆਂ ਦੀ ਪੁਲਿਸ ਸਾਂਝੇ ਅਪਰੇਸ਼ਨ ਕਰਕੇ ਗ਼ਲਤ ਅਨਸਰਾਂ ਦੀ ਪੈੜ ਨੱਪ ਸਕਦੀ ਹੈ। ਅੰਤਰਰਾਜੀ ਮੀਟਿੰਗ ਵਿੱਚ ਫ਼ੈਸਲਾ ਹੋਇਆ ਹੈ ਕਿ ਤਿੰਨਾਂ ਸੂਬਿਆਂ ਦੇ ਸਰਹੱਦੀ ਜ਼ਿਲ੍ਹਿਆਂ ਦੇ ਥਾਣਿਆਂ ਦੇ ਐਸਐਚਓ ਪੱਧਰ ‘ਤੇ ਵੀ ਸੂਚਨਾਵਾਂ ਆਪਸ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ। ਬੀਕਾਨੇਰ ਦੇ ਆਈਜੀ ਬੀਐਲ ਮੀਨਾ ਨੇ ਮੰਨਿਆ ਕਿ ਆਪਸੀ ਤਾਲਮੇਲ ਦੀ ਘਾਟ ਦਾ ਗ਼ਲਤ ਅਨਸਰ ਫ਼ਾਇਦਾ ਉਠਾਉਂਦੇ ਹਨ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਹਿੰਦੂ ਮੱਲ ਕੋਟ ਜ਼ਰੀਏ ਪਾਕਿਸਤਾਨ ਵੱਲੋਂ ਤਸਕਰ ਹੈਰੋਇਨ ਸਪਲਾਈ ਕਰਦੇ ਹਨ। ਦਿੱਲੀ ਤੇ ਆਗਰਾ ਤੋਂ ਮੈਡੀਕਲ ਨਸ਼ੇ ਤਿੰਨਾਂ ਸੂਬਿਆਂ ਤੱਕ ਪੁੱਜਦੇ ਹਨ ਜਦੋਂਕਿ ਮੱਧ ਪ੍ਰਦੇਸ਼ ’ਚੋਂ ਅਫੀਮ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚੋਂ ਸ਼ਰਾਬ ਦੀ ਸਪਲਾਈ ਵਾਇਆ ਰਾਜਸਥਾਨ ਗੁਜਰਾਤ ਨੂੰ ਹੁੰਦੀ ਹੈ। ਹਿਸਾਰ ਦੇ ਆਈਜੀ ਅਮਿਤਾਭ ਢਿੱਲੋਂ ਨੇ ਦੱਸਿਆ ਕਿ ਮੀਟਿੰਗ ਵਿਚ ਗ਼ਲਤ ਅਨਸਰਾਂ ਦੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ, ਜਿਸ ਕਰਕੇ ਚੋਣਾਂ ਦੌਰਾਨ ਮਾੜੇ ਅਨਸਰਾਂ ਦੇ ਰਾਹ ਰੁਕਣਗੇ।