ਚੰਡੀਗੜ੍ਹ: ਲੋਕ ਸਭਾ ਚੋਣਾਂ ਸਿਰ 'ਤੇ ਹਨ ਪਰ ਸਿਆਸੀ ਸੰਕਟ ਦਾ ਸ਼ਿਕਾਰ ਸ਼੍ਰੋਮਣੀ ਅਕਾਲੀ ਦਲ ਹੁਣ ਵਿੱਤੀ ਮੁਸੀਬਤ ਵਿੱਚ ਘਿਰ ਗਿਆ ਹੈ। ਪਾਰਟੀ ਕੋਲ ਚੋਣਾਂ ਲਈ ਫੰਡਾਂ ਦੀ ਘਾਟ ਹੈ। ਇਸ ਲਈ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰਾਂ ਤੋਂ ਫੰਡ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਜਥੇਦਾਰਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹਰੇਕ ਜਨਰਲ ਸਕੱਤਰ, ਮੀਤ ਪ੍ਰਧਾਨ ਤੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਵੱਲੋਂ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।
ਇਸੇ ਤਰ੍ਹਾਂ ਵਰਕਿੰਗ ਕਮੇਟੀ ਮੈਂਬਰ 21 ਹਜ਼ਾਰ ਰੁਪਏ ਦਾ ਯੋਗਦਾਨ ਪਾਵੇਗਾ ਤੇ ਜਨਰਲ ਕੌਂਸਲ ਦੇ ਹਰ ਇੱਕ ਮੈਂਬਰ ਨੂੰ 5 ਹਜ਼ਾਰ ਰੁਪਏ ਦੇਣ ਲਈ ਕਿਹਾ ਗਿਆ ਹੈ। ਪਾਰਟੀ ਵੱਲੋਂ ਪਹਿਲੀ ਅਪਰੈਲ ਤੋਂ ਮੈਂਬਰਸ਼ਿਪ ਦੀ ਭਰਤੀ ਵੀ ਸ਼ੁਰੂ ਕੀਤੀ ਜਾਵੇਗੀ ਤੇ ਮੈਂਬਰਸ਼ਿਪ ਰਾਹੀਂ ਵੀ ਫੰਡ ਉਪਲਬਧ ਹੋਵੇਗਾ।
ਅਕਾਲੀ ਦਲ ਦੇ ਸੂਤਰਾਂ ਮੁਤਾਬਕ ਸੱਤਾ ਵਿੱਚੋਂ ਲਾਂਭੇ ਹੋਣ ਮਗਰੋਂ ਪਾਰਟੀ ਨੂੰ ਮਿਲਣ ਵਾਲਾ ਚੰਦਾ ਘਟਿਆ ਹੈ। ਹਾਲਤ ਇਹ ਹੈ ਕਿ ਹੁਣ ਪਾਰਟੀ ਦੀਆਂ ਆਮ ਕਾਰਵਾਈਆਂ ਚਲਾਉਣ ਲਈ ਵੀ ਦਿੱਕਤਾਂ ਆਉਣ ਲੱਗੀਆਂ ਹਨ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਨੂੰ ਫੰਡ ਦੇਣ ਤੋਂ ਇਲਾਵਾ ਪਾਰਟੀ ਵੱਲੋਂ ਆਪਣੇ ਪੱਧਰ 'ਤੇ ਵੀ ਸਰਗਰਮੀ ਕੀਤੀ ਜਾਣੀ ਹੈ। ਅਜਿਹੇ ਵਿੱਚ ਵੱਧ ਫੰਡ ਦੀ ਲੋੜ ਹੈ। ਇਸ ਲਈ ਹੁਣ ਜਥੇਦਾਰਾਂ ਕੋਲੋਂ ਫੰਡ ਇਕੱਠਾ ਕੀਤਾ ਜਾਣਾ ਹੈ।