ਬਟਾਲਾ: ਇੱਥੋਂ ਦੇ ਪਿੰਡ ਗੁਜਰਪੁਰਾ ਦੀ ਰਹਿਣ ਵਾਲੀ ਜੁਡੋ ਕਰਾਟੇ ਦੀ ਚੈਂਪੀਅਨ ਨੌਜਵਾਨ ਖਿਡਾਰਨ ਨੇ ਜ਼ਹਿਰੀਲੀ ਚੀਜ਼ ਨਿਗਲ਼ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦਾ ਕਾਰਨ ਜ਼ਮੀਨੀ ਵਿਵਾਦ ਤੋਂ ਉਪਜਿਆ ਝਗੜਾ ਤੇ ਪੁਲਿਸ ਵੱਲੋਂ ਉਕਤ ਮਸਲੇ ਬਾਰੇ ਰਾਜੀਨਾਵਾਂ ਕਰਨ ਸਬੰਧੀ ਪਾਇਆ ਜਾ ਰਿਹਾ ਦਬਾਅ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਕੁਲਦੀਪ ਕੌਰ ਦੀ ਉਮਰ ਸਿਰਫ 25 ਸਾਲ ਦੀ ਸੀ ਤੇ ਉਹ ਜੁਡੋ ਕਰਾਟੇ ਦੀ ਕੌਮੀ ਪੱਧਰੀ ਖਿਡਾਰਨ ਸੀ। ਉਸ ਦਾ ਭਰਾ ਸਤਵੰਤ ਸਿੰਘ ਫ਼ੌਜ ਵਿੱਚ ਹੈ ਤੇ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਹੈ। ਸਤਵੰਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਲੋਕ ਉਨ੍ਹਾਂ ਦੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਂ ਤੇ ਭੈਣ 'ਤੇ ਵਿਰੋਧੀਆਂ ਨੇ ਹਮਲਾ ਵੀ ਕੀਤਾ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਕੋਈ ਕਾਰਵਾਈ ਨਹੀਂ ਹੋਈ। ਸਤਵੰਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇਹ ਮਾਮਲਾ ਫ਼ੌਜ ਦੇ ਅਧਿਕਾਰੀਆਂ ਰਾਹੀਂ ਪੁਲਿਸ ਦੇ ਆਹਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸਤਵੰਤ ਸਿੰਘ ਮੁਤਾਬਕ ਇੱਕ ਪੁਲਿਸ ਅਧਿਕਾਰੀ ਤੇ ਜ਼ਮੀਨ ਹੜੱਪਣ ਵਾਲੇ ਲੋਕ ਉਨ੍ਹਾਂ 'ਤੇ ਰਾਜੀਨਾਵਾਂ ਕਰਨ ਲਈ ਦਬਾਅ ਪਾਇਆ ਜਾਣ ਲੱਗਾ। ਕੁਲਦੀਪ ਕੌਰ ਇਸ ਤੋਂ ਇੰਨੀ ਪ੍ਰੇਸ਼ਾਨ ਹੋ ਗਈ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਆਉਂਦੀ 8 ਜਨਵਰੀ ਨੂੰ ਕੁਲਦੀਪ ਕੌਰ ਦੀ ਵੱਡੀ ਭੈਣ ਬਲਬੀਰ ਕੌਰ ਦਾ ਵਿਆਹ ਤੈਅ ਕੀਤਾ ਹੋਇਆ ਹੈ। ਪਰ ਇਸ ਘਟਨਾ ਕਾਰਨ ਘਰ ਵਿੱਚ ਮਾਤਮ ਛਾ ਗਿਆ। ਮ੍ਰਿਤਕਾ ਦੇ ਪਰਿਵਾਰ ਨੇ ਵਾਰ-ਵਾਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਪਰਿਵਾਰ ਲਈ ਸੁਰੱਖਿਆ ਦੀ ਮੰਗ ਵੀ ਕੀਤੀ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਉਪ-ਪੁਲਿਸ ਕਪਤਾਨ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮ੍ਰਿਤਕਾ ਦੀ ਭੈਣ ਬਲਵੀਰ ਕੌਰ ਦੇ ਬਿਆਨਾ ਦੇ ਆਧਾਰ 'ਤੇ ਆਈ.ਪੀ.ਸੀ. ਦੀ ਧਾਰਾ 306 (ਖ਼ੁਦਕੁਸ਼ੀ ਲਈ ਮਜਬੂਰ ਕਰਨਾ) ਤਹਿਤ 14 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।