ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਹੈ। ਸੇਵਾਮੁਕਤ ਜਸਟਿਸ ਨੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦੀ ਸਰਕਾਰ ਸਮੇਂ ਵਾਪਰੇ ਬੇਅਦਬੀ ਤੇ ਗੋਲ਼ੀਕਾਂਡ ਬਾਰੇ ਰਣਜੀਤ ਸਿੰਘ ਕਮਿਸ਼ਨ ਵੱਲੋਂ ਤਿਆਰ ਕੀਤੀ ਰਿਪੋਰਟ ਬਾਰੇ ਗਲਤ ਸ਼ਬਦਾਵਲੀ ਵਰਤਣ ਖ਼ਿਲਾਫ਼ ਕਾਰਵਾਈ ਮੰਗੀ ਹੈ। ਉਨ੍ਹਾਂ ਅਦਾਲਤ ਵਿੱਚ ਸੁਖਬੀਰ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ।
ਰਣਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਇੱਕ ਨਹੀਂ ਬਲਕਿ ਕਈ ਵਾਰ ਉਨ੍ਹਾਂ ਦੇ ਕਮਿਸ਼ਨ 'ਤੇ ਪੱਖਪਾਤੀ ਹੋਣ ਦੇ ਦੋਸ਼ ਲਾਏ ਹਨ, ਜੋ ਸਰਾਸਰ ਗ਼ਲਤ ਹਨ। ਸੁਖਬੀਰ ਬਾਦਲ ਅਕਸਰ ਹੀ ਰਣਜੀਤ ਸਿੰਘ ਕਮਿਸ਼ਨ ਨੂੰ ਝੂਠਾ ਤੇ ਗ਼ਲਤ ਦੱਸਿਆ ਸੀ। ਸੇਵਾਮੁਕਤ ਜਸਟਿਸ ਨੇ ਸੁਖਬੀਰ ਬਾਦਲ ਨਾਲ ਗੱਲ ਵੀ ਕੀਤੀ ਸੀ ਤੇ ਕਿਹਾ ਸੀ ਕਿ ਝੂਠ ਬੋਲਣ ਦੀ ਬਜਾਏ ਉਨ੍ਹਾਂ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣੇ ਕੋਲ ਮੌਜੂਦ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਸੀ।
ਭਾਰਤੀ ਸੰਵਿਧਾਨ ਦੀ ਧਾਰਾ 10-ਏ ਤਹਿਤ ਕਿਸੇ ਕਮਿਸ਼ਨ ਜਾਂ ਇਸ ਦੇ ਮੈਂਬਰ ਦੀ ਸ਼ਾਨ ਖ਼ਿਲਾਫ਼ ਕੁਝ ਵੀ ਬੋਲਦਾ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ। ਜੇਕਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਸ਼ਿਕਾਇਤ ਮੰਨੀ ਜਾਂਦੀ ਹੈ ਤਾਂ ਕਾਨੂੰਨ ਮੁਤਾਬਕ ਸੁਖਬੀਰ ਬਾਦਲ ਨੂੰ ਛੇ ਮਹੀਨਿਆਂ ਤਕ ਦੀ ਕੈਦ ਜਾਂ ਜ਼ੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ। ਹੁਣ ਇਸ ਬਾਰੇ ਫੈਸਲਾ ਅਦਾਲਤ ਨੇ ਹੀ ਕਰਨਾ ਹੈ।