ਚੰਡੀਗੜ੍ਹ: ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਵੱਲੋਂ ਨਵੀਂ ਬਣਾਈ ਗਏ ਪੰਜਾਬੀ ਏਕਤਾ ਪਾਰਟੀ ਵਿਚਾਲੇ ਹੀ ਖੜਕ ਗਈ ਹੈ। ਦੋਵਾਂ ਧਿਰਾਂ ਇੱਕ-ਦੂਜੇ ਉੱਪਰ ਝੂਠ ਬੋਲਣ ਦੇ ਇਲਜ਼ਾਮ ਲਾ ਰਹੀਆਂ ਹਨ। ਆਮ ਜਸਟਿਸ ਜ਼ੋਰਾ ਸਿੰਘ ਦੇ ਖੁਲਾਸਿਆਂ ਨੂੰ ਝੂਠ ਦੱਸਣ ਤੋਂ ਖਫਾ ਆਮ ਆਦਮੀ ਪਾਰਟੀ ਨੇ ਅੱਜ ਖਹਿਰਾ ਉੱਪਰ ਤਿੱਖਾ ਵਾਰ ਕੀਤਾ ਹੈ। 'ਆਪ' ਦੇ ਬੁਲਾਰੇ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖਹਿਰਾ ਉੱਪਰ ਕਾਂਗਰਸ ਦਾ ਬੁਲਾਰਾ ਹੋਣ ਦਾ ਇਲਜ਼ਾਮ ਲਾਏ ਹਨ।


ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਹੋਈ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਲਈ ਗਠਿਤ ਜ਼ੋਰਾ ਸਿੰਘ ਕਮਿਸ਼ਨ 'ਤੇ ਸਵਾਲ ਖੜ੍ਹੇ ਕਰ ਰਹੇ ਸੁਖਪਾਲ ਖਹਿਰਾ ਬਾਦਲ ਪਿਤਾ-ਪੁੱਤਰ ਤੇ ਉਨ੍ਹਾਂ ਨੂੰ ਬਚਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਿਆਂ 'ਤੇ ਨੱਚਣ ਲੱਗੇ ਹਨ। ਇਸ ਕੌੜੇ ਸੱਚ ਦਾ ਜਵਾਬ ਬਾਦਲਾਂ ਤੇ ਕੈਪਟਨ ਕੋਲ ਨਹੀਂ ਹੈ ਪਰ ਸੁਖਪਾਲ ਖਹਿਰਾ ਉਨ੍ਹਾਂ ਦੇ ਭਾੜੇ ਦੇ ਬੁਲਾਰੇ (ਪ੍ਰੋਕਸੀ ਸਪੋਕਸਪਰਸਨ) ਦੀ ਜ਼ਿੰਮੇਵਾਰੀ ਨਿਭਾਉਣ ਲੱਗੇ ਹਨ।

ਸੰਧਵਾਂ ਨੇ ਕਿਹਾ ਕਿ ਜੇਕਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹਿੰਮਤ ਹੈ ਤਾਂ ਉਹ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਧਿਕਾਰਤ ਤੌਰ 'ਤੇ ਜਨਤਕ ਕਰਨ। ਉਹ ਜਸਟਿਸ ਜ਼ੋਰਾ ਸਿੰਘ ਦੀ ਇਸ ਗੱਲ ਨੂੰ ਝੂਠਾ ਸਾਬਤ ਕਰਨ ਕਿ ਬਾਦਲ ਸਰਕਾਰ ਨੇ ਆਪਣੇ ਸਮੁੱਚੇ ਪੁਲਿਸ ਤੇ ਪ੍ਰਸ਼ਾਸਨਿਕ ਤੰਤਰ ਨੂੰ ਅਸਲੀ ਦੋਸ਼ੀ ਫੜਨ ਦੀ ਥਾਂ ਜਾਂਚ ਨੂੰ ਭਟਕਾਉਣ ਤੇ ਦੋਸ਼ੀਆਂ ਸਮੇਤ ਸਾਜ਼ਿਸ਼ ਕਾਰਾਂ ਨੂੰ ਬਚਾਉਣ 'ਤੇ ਝੋਕ ਦਿੱਤਾ ਸੀ।

ਸੰਧਵਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਕਿ ਉਹ ਕੇਵਲ ਆਮ ਆਦਮੀ ਪਾਰਟੀ ਨੂੰ ਨੀਵਾਂ ਦਿਖਾਉਣ ਲਈ ਬਾਦਲਾਂ ਤੇ ਕੈਪਟਨ ਦੇ ਪਾਪਾਂ ਦੇ ਭਾਗੀਦਾਰ ਬਣਨ ਤੋਂ ਗੁਰੇਜ਼ ਕਰਨ ਕਿਉਂਕਿ ਬਾਦਲ ਪਹਿਲਾਂ ਹੀ ਬੇਨਕਾਬ ਹਨ ਤੇ ਕੈਪਟਨ ਅੱਜ 667 ਦਿਨਾਂ ਬਾਅਦ ਵੀ ਮੂਕ ਦਰਸ਼ਕ ਬਣੇ ਹੋਏ ਹਨ। ਬਾਦਲ ਤੇ ਕੈਪਟਨ ਆਪਣੀ ਬੇਚੈਨੀ ਨੂੰ ਸੁਖਪਾਲ ਸਿੰਘ ਖਹਿਰਾ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਸੰਧਵਾਂ ਨੇ ਗ੍ਰੰਥੀ ਸਿੰਘ ਤੇ ਬੁਰਜ਼ ਜਵਾਹਰ ਸਿੰਘ ਵਾਲਾ ਦੇ ਵਾਸੀਆਂ ਵੱਲੋਂ ਪੁਲਿਸ ਉੱਤੇ ਥਰਡ ਡਿਗਰੀ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਇਹੋ ਤਾਂ ਦੱਸ ਰਹੇ ਹਨ ਕਿ ਪੁਲਿਸ ਅਧਿਕਾਰੀ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਜੋ ਦੱਸਦੇ ਸਨ, ਉਨ੍ਹਾਂ ਉਹੋ ਰਿਪੋਰਟ ਕੀਤਾ ਹੈ। ਜੇਕਰ ਪੁਲਿਸ ਅਧਿਕਾਰੀ ਹਲਫ਼ੀਆ ਬਿਆਨ ਰਾਹੀਂ ਇਹ ਦੱਸਦੇ ਹਨ ਕਿ ਉਨ੍ਹਾਂ 6 ਨਾਮਾਂ ਦੀ ਪੁੱਛਗਿੱਛ ਨਹੀਂ ਕੀਤੀ ਤਾਂ ਜਸਟਿਸ ਜ਼ੋਰਾ ਸਿੰਘ ਕਿਵੇਂ ਕਹਿ ਸਕਦੇ ਹਨ ਕਿ ਪੁੱਛਗਿੱਛ ਹੋਈ ਹੈ ਜਦਕਿ ਦੂਜੇ ਪਾਸੇ ਪੁਲਿਸ ਉੱਪਰ ਤਸ਼ੱਦਦ ਦੇ ਗੰਭੀਰ ਦੋਸ਼ ਲੱਗ ਰਹੇ ਹਨ।

ਯਾਦ ਰਹੇ ਖਹਿਰਾ ਦਾ ਕਹਿਣਾ ਹੈ ਕਿ ਜ਼ੋਰਾ ਸਿੰਘ ਵੋਟਾਂ ਵਾਸਤੇ ਗਲਤਬਿਆਨੀ ਕਰ ਰਹੇ ਹਨ। ਉਹ ਦੋ ਗ੍ਰੰਥੀਆਂ ਨੂੰ ਵੀ ਮੀਡੀਆ ਸਾਹਮਣੇ ਲਿਆਏ ਜਿਨ੍ਹਾਂ ਦੱਸਿਆ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕਿਸ ਤਰੀਕੇ ਨਾਲ ਪੁਲਿਸ ਨੇ ਉਨ੍ਹਾਂ 'ਤੇ ਤਸ਼ਦੱਦ ਕੀਤਾ।