ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨੀ ਤੇ ਕਰਜ਼ਾ ਮੁਆਫ਼ੀ ਬਾਰੇ ਚਿੱਠੀ ਲਿਖੀ ਹੈ। ਇਸ ’ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲ ਨੂੰ ਉਸ ਸਮੇਂ ਚਿੱਠੀ ਲਿਖਣੀ ਚਾਹੀਦੀ ਸੀ ਜਦੋਂ ਉਨ੍ਹਾਂ ਕੋਲ ਮੁੱਖ ਮੰਤਰੀ ਦਾ ਅਹੁਦਾ ਸੀ ਜਾਂ ਉਸ ਵੇਲੇ ਜਦੋਂ ਪੀਐਮ ਨਰਿੰਦਰ ਮੋਦੀ ਗੁਰਦਾਸਪੁਰ ਆਏ ਸਨ। ਉਨ੍ਹਾਂ ਕਿਹਾ ਕਿ ਜਦੋਂ ਪੀਐਮ ਮੋਦੀ ਗੁਰਦਾਸਪੁਰ ਰੈਲੀ ਕਰਨ ਆਏ ਸਨ ਤਾਂ ਉਸ ਵੇਲੇ ਅਕਾਲੀ ਦਲ ਨੂੰ ਸਟੇਜ ਤੋਂ ਕਿਸਾਨੀ ਦੀਆਂ ਮੰਗਾਂ ਕਰਨੀਆਂ ਚਾਹੀਦੀਆਂ ਸੀ।


ਕਰਜ਼ੇ ਮੁਆਫ਼ੀ ਦੀ ਯੋਜਨਾ ’ਤੇ ਅਕਾਲੀ ਦਲ ਵੱਲੋਂ ਜਤਾਏ ਇਤਰਾਜ਼ ਬਾਰੇ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣਾ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਕਰ ਰਹੀ ਹੈ। ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਨੂੰ ਆਸ ਸੀ ਕਿ ਉਹ ਵੀ ਕਿਸਾਨਾਂ ਨੂੰ ਕੁਝ ਰਾਹਤ ਦੇਣਗੇ ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮੁੱਦੇ ’ਤੇ ਜਾਣਬੁੱਝ ਕੇ ਗ਼ਲਤ ਬਿਆਨਬਾਜ਼ੀ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਜੋ ਵੀ ਵਾਅਦੋ ਕੀਤੇ, ਉਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

ਨੌਜਵਾਨਾਂ ਨੂੰ ਮੋਬਾਈਲ ਦੇਣ ਦੇ ਮੁੱਦੇ ’ਤੇ ਵੀ ਅਕਾਲੀ ਦਲ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਮੁੱਦੇ ਸਬੰਧੀ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ, ਇਹ ਵਾਅਦਾ ਵੀ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਪੰਚਾਇਤੀ ਰਾਜ ਦੇ ਮੁੱਦੇ ’ਤੇ ਸਰਪੰਚਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਬਾਰੇ ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਦੇ ਐਕਟ ਵਿੱਚ ਸਰਪੰਚਾਂ ਨੂੰ ਕਾਫੀ ਸ਼ਕਤੀਆਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਖੇਤੀਬਾੜੀ 'ਤੇ ਸੰਕਟ ਦੇ ਬੱਦਲ, ਬਾਦਲ ਨੇ ਲਿਖੀ ਮੋਦੀ ਨੂੰ ਚਿੱਠੀ

ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਦਲ ਦੇ ਧੱਕੇਸ਼ਾਹੀ ਦੇ ਇਲਜ਼ਾਮਾਂ ਬਾਰੇ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਇਮਾਨਦਾਰੀ ਨਾਲ ਚੋਣਾਂ ਹੋਈਆਂ ਹਨ ਜਦਕਿ ਅਕਾਲੀ ਸਰਕਾਰ ਵੇਲੇ ਹਮੇਸ਼ਾ ਹੀ ਗੁੰਡਾਗਰਦੀ ਹੁੰਦੀ ਰਹੀ। ਇਸ ਦੇ ਨਾਲ ਹੀ ਉਨ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਨਵੀਂ ਪਾਰਟੀ ਬਣਾਉਣ ’ਤੇ ਵਧਾਈ ਦਿੱਤੀ ਤੇ ਨਾਲ ਹੀ ਤੰਜ ਕੱਸਿਆ ਕਿ ਸੁਖਪਾਲ ਖਹਿਰਾ ਨੇ ਆਪ ਹੀ ਸੰਵਿਧਾਨ ਲਿਖਿਆ ਹੈ। ਉਹ ਆਪ ਇਸ ਸੰਵਿਧਾਨ ਨੂੰ ਤੋੜ ਦੇਣਗੇ ਤੇ ਆਪਣੀ ਪਾਰਟੀ ਵੀ ਤੋੜ ਦੇਣਗੇ।