ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵੀਰਵਾਰ ਨੂੰ ਸਰਕਲ ਠੱਠੀ ਸੋਹਲ, ਤਰਨਤਾਰਨ ਜ਼ਿਲ੍ਹੇ ਵਿੱਚ ਤਾਇਨਾਤ ਮਾਲ ਕਾਨੂੰਗੋ ਓਮ ਪ੍ਰਕਾਸ਼ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਨੂੰਗੋ ਨੂੰ ਭਲਵਿੰਦਰ ਸਿੰਘ ਵਾਸੀ ਪਿੰਡ ਝਬਾਲ, ਜ਼ਿਲ੍ਹਾ ਤਰਨਤਾਰਨ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਮਾਲ ਅਧਿਕਾਰੀ ਉਸ ਦੇ ਰਿਸ਼ਤੇਦਾਰ ਦੀ ਹੱਦਬੰਦੀ ਰਿਪੋਰਟ ਦੇਣ ਬਦਲੇ ਉਸ ਕੋਲੋਂ 25,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 10,000 ਰੁਪਏ ਵਿਚ ਤੈਅ ਹੋਇਆ ਹੈ।
ਉਸਦੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਦੀ ਇੱਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।
ਵਿਜੀਲੈਂਸ ਵਲੋਂ ਮੋਟਰ ਵਹੀਕਲ ਇੰਸਪੈਕਟਰ ਦਾ ਭਗੌੜਾ ਕਰਿੰਦਾ ਗ੍ਰਿਫਤਾਰ
ਵਿਜੀਲੈਂਸ ਬਿਓਰੋ ਪੰਜਾਬ ਵਲੋਂ ਪਿਛਲੇ ਦਿਨੀਂ ਮੋਟਰ ਵਹੀਕਲ ਇੰਸਪੈਕਟਰ, (ਐਮ.ਵੀ.ਆਈ.) ਜਲੰਧਰ ਦਫਤਰ ਵਿੱਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਉਥੋਂ ਦੇ ਐਮ.ਵੀ.ਆਈ. ਨਰੇਸ਼ ਕਲੇਰ ਵੱਲੋਂ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵੱਡੀ ਪੱਧਰ ਤੇ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਚਾਰ ਦਾ ਪਰਦਾਫਾਸ਼ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 7 ਨਾਮਜਦ ਦੋਸ਼ੀ ਫਰਾਰ ਚੱਲ ਰਹੇ ਸਨ ਜਿੰਨਾ ਵਿਚੋਂ ਅੱਜ ਦੋਸ਼ੀ ਸੁਰਜੀਤ ਸਿੰਘ, ਪ੍ਰਾਈਵੇਟ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਏਜੰਟ ਉਕਤ ਐਮ.ਵੀ.ਆਈ. ਜਲੰਧਰ ਨਾਲ ਮਿਲੀ ਭੁਗਤ ਕਰਕੇ ਕਮਰਸ਼ੀਅਲ ਅਤੇ ਪ੍ਰਾਈਵੇਟ ਗੱਡੀਆਂ ਨੂੰ ਬਿਨ੍ਹਾਂ ਇੰਸਪੈਕਸ਼ਨ ਕਰਵਾਏ ਮੋਟੀਆਂ ਰਕਮਾਂ ਲੈ ਕੇ ਅਤੇ ਰਿਸ਼ਵਤ ਦਾ ਵੱਡਾ ਹਿੱਸਾ ਨਰੇਸ਼ ਕਲੇਰ ਐਮ.ਵੀ.ਆਈ. ਨੂੰ ਦੇ ਕੇ ਗੱਡੀਆਂ ਦਾ ਫਿਟਨੈਸ ਸਰਟੀਫਿਕੇਟ ਹਸਲ ਕਰਕੇ ਸਰਕਾਰ ਨੂੰ ਚੂਨਾ ਲਾ ਰਹੇ ਸੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।