ਪਟਿਆਲਾ: ਕਾਰਗਿਲ ਜੰਗ ਵਿੱਚ ਪਾਕਿਸਤਾਨੀ ਅਫਸਰ ਸਮੇਤ ਚਾਰ ਫ਼ੌਜੀਆਂ ਨੂੰ ਮਾਰ ਕੇ ਆਪਣੀ ਸੂਰਬੀਰਤਾ ਦਾ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਦੀ ਤਰੱਕੀ ਦਾ ਰਾਹ ਖੁੱਲ੍ਹ ਗਿਆ ਹੈ। ਬੀਤੇ ਦਿਨੀਂ ਇਹ ਖ਼ਬਰ ਮੀਡੀਆ ਵਿੱਚ ਆਉਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਵਿਜੇ ਦਿਵਸ ਮੌਕੇ ਸਤਪਾਲ ਸਿੰਘ ਨੂੰ ਤਰੱਕੀ ਦੇਣ ਦਾ ਫੈਸਲਾ ਲਿਆ ਹੈ।

ਫ਼ੌਜ ਤੋਂ ਸੇਵਾਮੁਕਤੀ ਹੋ ਕੇ ਸਤਪਾਲ ਸਿੰਘ ਸਾਲ 2010 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਸਨ। ਆਮ ਤੌਰ 'ਤੇ ਪੰਜਾਬ ਪੁਲਿਸ ਵਿੱਚ ਸਿਪਾਹੀ ਨੂੰ ਏਐਸਆਈ ਰੈਂਕ ਤਕ ਤਰੱਕੀ ਕਰਨ ਲਈ 15 ਕੁ ਸਾਲ ਦਾ ਸਮਾਂ ਲੱਗਦਾ ਹੈ। ਸਤਪਾਲ ਸਿੰਘ ਨੂੰ ਨੌਂ ਸਾਲਾਂ ਦੀ ਨੌਕਰੀ ਬਦਲੇ ਇੱਕ ਦਰਜਾ ਵਧਾ ਕੇ ਸਹਾਇਕ ਸਬ ਇੰਸਪੈਕਟਰ ਦਾ ਦਰਜਾ ਐਲਾਨ ਕੇ ਕੈਪਟਨ ਸਰਕਾਰ ਫੁੱਲੀ ਨਹੀਂ ਸਮਾ ਰਹੀ ਜਾਪਦੀ ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਨੂੰ ਅਣਡਿੱਠਾ ਕਰਨ ਲਈ ਪਿਛਲੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਹੁਣ ਕੈਪਟਨ ਸਤਪਾਲ ਨੂੰ ਮੁੜ ਤੋਂ ਏਐਸਆਈ ਵਜੋਂ ਭਰਤੀ ਕਰੇਗੀ। ਸਤਪਾਲ ਸਿੰਘ ਦਾ ਜਨਮ ਸੰਨ 1973 ਦਾ ਹੋਣ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।


ਜ਼ਿਕਰਯੋਗ ਹੈ ਕਿ ਸਤਪਾਲ ਸਿੰਘ ਨੇ ਆਪ੍ਰੇਸ਼ਨ ਵਿਜੇ ਦੌਰਾਨ ਭਾਰਤੀ ਫ਼ੌਜ ਦਾ ਸਿਪਾਹੀ ਹੁੰਦਿਆਂ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਤਪਾਲ ਸਿੰਘ ਨੇ ਪਾਕਿਸਤਾਨ ਦੀ ਉੱਤਰੀ ਟੁਕੜੀ ਦੇ ਕਪਤਾਨ ਕਰਨਲ ਸ਼ੇਰ ਖ਼ਾਨ ਸਮੇਤ ਚਾਰ ਪਾਕਿਸਤਾਨੀ ਫ਼ੌਜੀਆਂ ਨੂੰ ਮਾਰਿਆ ਸੀ। ਸ਼ੇਰ ਖ਼ਾਨ ਨੂੰ ਮੌਤ ਤੋਂ ਬਾਅਦ ਪਾਕਿਸਤਾਨ ਨੇ ਬਹਾਦੁਰੀ ਪੁਰਸਕਾਰ ਦਿੱਤਾ ਸੀ। ਭਾਰਤੀ ਕਮਾਂਡਰ ਨੇ ਬਰਫੀਲੀ ਚੋਟੀਆਂ 'ਤੇ ਉਸ ਬਹਾਦੁਰੀ ਨੂੰ ਦੇਖਿਆ ਸੀ ਤੇ ਇਸ ਦੀ ਸਿਫਾਰਿਸ਼ ਕੀਤੀ ਸੀ।

ਹਾਲਾਂਕਿ, ਸਤਪਾਲ ਸਿੰਘ ਦਾ ਮੰਨਣਾ ਹੈ ਕਿ ਪੁਲਿਸ ਵਿੱਚ ਜਾਣ ਦਾ ਉਸ ਦਾ ਫੈਸਲਾ ਸ਼ਾਇਦ ਗਲਤ ਸੀ ਕਿਉਂਕਿ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ ਵੀ ਪੁਲਿਸ ਵਿੱਚ ਉੱਚੇ ਅਹੁਦੇ ਮਿਲਦੇ ਹਨ। ਪਰ ਉਸ ਨੂੰ ਕਾਂਸਟੇਬਲ ਦਾ ਅਹੁਦਾ ਹੀ ਦਿੱਤਾ ਗਿਆ ਹੈ। ਹਾਲਾਂਕਿ, ਅੱਜ ਉਨ੍ਹਾਂ ਕੈਪਟਨ ਸਰਕਾਰ ਦੇ ਫੈਸਲੇ 'ਤੇ ਸਤਪਾਲ ਨੇ ਤਸੱਲੀ ਪ੍ਰਗਟਾਈ।