ਹੁਣ ਕਰਤਾਰਪੁਰ ਲਾਂਘੇ 'ਚ ਕਿਸਾਨਾਂ ਦਾ ਅੜਿੱਕਾ
ਏਬੀਪੀ ਸਾਂਝਾ | 25 Feb 2019 05:20 PM (IST)
ਚੰਡੀਗੜ੍ਹ: ਡੇਰਾ ਬਾਬਾ ਨਾਨਾਕ ਵਿੱਚ ਅੱਜ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਕੁਝ ਅਧਿਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ ਜਿਨ੍ਹਾਂ ਨੂੰ ਧਰਨਾ ਦੇ ਰਹੇ ਕਿਸਾਨਾਂ ਨੇ ਰੋਕ ਲਿਆ। ਕਿਸਾਨਾਂ ਨੇ ਮੰਗ ਰੱਖੀ ਕਿ ਜਦੋਂ ਤਕ ਉਨ੍ਹਾਂ ਦੀਆਂ ਜ਼ਮੀਨਾਂ ਦਾ ਸਹੀ ਮੁੱਲ ਨਹੀਂ ਐਲਾਨਿਆ ਜਾਂਦਾ, ਉਦੋਂ ਤਕ ਜ਼ਮੀਨ ’ਤੇ ਕੋਈ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਦੇ ਇਸ ਕਦਮ ਬਾਅਦ ਸਥਾਨਕ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਕਰਨ ਲਈ ਪੁਲਿਸ ਬਲ ਦੀ ਮਦਦ ਲਈ। ਇਸ ਪਿੱਛੋਂ ਡੇਰਾ ਬਾਬਾ ਨਾਨਕ ਪੁਲਿਸ ਛਾਉਣੀ ਵਿੱਚ ਬਦਲ ਗਿਆ। ਅਧਿਕਾਰੀਆਂ ਨੂੰ ਰੋਕਣ ਲਈ ਕਿਸਾਨਾਂ ਨੇ ਕਈ ਘੰਟਿਆਂ ਤਕ ਗੁਰਦਸਪੁਰ-ਡੇਰਾ ਬਾਬਾ ਨਾਨਕ ਮੁੱਖ ਮਾਰਗ ’ਤੇ ਚੱਕਾ ਜਾਮ ਕਰ ਕੇ ਧਰਨਾ ਪ੍ਰਦਰਸ਼ਨ ਕੀਤਾ। ਇਸ ਕਰਕੇ ਹਾਲਤ ਵਿਗੜਦੇ ਨਜ਼ਰ ਆਏ। ਕਿਸਾਨਾਂ ਨੇ ਗੁਰਦਾਪੁਰ-ਡੇਰਾ ਬਾਬਾ ਨਾਨਕ ਸੜਕ ਜਾਮ ਕਰ ਕੇ ਧਰਨਾ ਲਾ ਦਿੱਤਾ। ਜ਼ਮੀਨ ਮਾਲਕ ਕਿਸਾਨਾਂ ਨੇ ਦੱਸਿਆ ਕਿ ਉਹ ਕਰਤਾਰਪੁਰ ਲਾਂਘੇ ਲਈ ਜ਼ਮੀਨ ਦੇਣ ਨੂੰ ਤਿਆਰ ਹਨ, ਪਰ ਸਰਕਾਰ ਘੱਟ ਤੋਂ ਘੱਟ ਜ਼ਮੀਨ ਦਾ ਸਹੀ ਮੁੱਲ ਤਾਂ ਦੇਵੇ। ਇਸ ਦੌਰਾਨ ਐਸਡੀਐਮ ਡੇਰਾ ਬਾਬਾ ਨਾਨਕ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਨੂੰ ਵੇਖਦਿਆਂ ਉਨ੍ਹਾਂ ਕਿਸਾਨਾਂ ਨੂੰ ਸਮਝਾਇਆ ਹੈ ਕਿ ਫਿਲਹਾਲ ਜ਼ਮੀਨ ਦੀ ਨਿਸ਼ਾਨਦੇਹੀ ਹੀ ਕੀਤੀ ਜਾਣੀ ਹੈ। ਕਿਸਾਨਾਂ ਦੇ ਜ਼ਮੀਨੀ ਮੁਆਵਜ਼ੇ ਦੀ ਮੰਗ ਸਰਕਾਰ ਕੋਲ ਭੇਜੀ ਜੀ ਰਹੀ ਹੈ ਤੇ ਕਾਨੂੰਨ ਮੁਤਾਬਕ ਸਰਕਾਰੀ ਰੇਟ ਦੇ ਅਨੁਸਾਰ ਜ਼ਮੀਨ ਦਾ ਮੁੱਲ ਦਿੱਤਾ ਜਾਵੇਗਾ। ਅਖੀਰ ਵਿੱਚ ਮਾਹੌਲ ਸ਼ਾਂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੇ ਲਿਖਤੀ ਰੂਪ ਵਿੱਚ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਫਿਲਹਾਲ ਜ਼ਮੀਨ ਦੀ ਨਿਸ਼ਾਨਦੇਹੀ ਹੀ ਕੀਤੀ ਜਾਵੇਗੀ। ਬਾਕੀ ਦੀ ਕਾਰਵਾਈ ਕਿਸਾਨਾਂ ਦੇ ਨਾਲ ਬੈਠ ਕੇ ਹੱਲ ਕਰਨ ਉਪਰੰਤ ਹੀ ਕੀਤੀ ਜਾਵੇਗੀ।