ਡੇਰਾ ਬਾਬਾ ਨਾਨਕ: ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਉਸਾਰੇ ਜਾ ਰਹੇ ਪੁਲ ਸਬੰਧੀ ਅੱਜ ਭਾਰਤ ਤੇ ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀ ਮੀਟਿੰਗ ਡੇਰਾ ਬਾਬਾ ਨਾਨਕ ਵਿਖੇ ਹੋਈ।
ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦੇ ਪਹਿਲੇ ਦਿਨ ਤੋਂ ਲੈ ਕੇ ਹੀ ਭਾਰਤ ਦਾ ਪੱਖ ਇਹ ਰਿਹਾ ਹੈ ਕਿ ਭਾਰਤ ਦੇ ਕੋਰੀਡੋਰ ਉੱਪਰ ਪੁਲ ਦਾ ਨਿਰਮਾਣ ਕਰਨਾ ਚਾਹੁੰਦਾ ਸੀ। ਇਸ ਕਾਰਨ ਭਾਰਤ ਨੇ ਆਪਣੇ ਪਾਸੇ ਕਰੀਬ 100 ਮੀਟਰ ਦਾ ਪੁਲ ਤਿਆਰ ਵੀ ਕਰ ਲਿਆ ਸੀ। ਪਾਕਿਸਤਾਨ ਰਾਵੀ ਦਰਿਆ ਉੱਪਰ ਪੁਲ ਤਾਂ ਬਣਾ ਚੁੱਕਾ ਸੀ ਪਰ ਅਗਲੇ ਪਾਸੇ ਦਰਿਆ ਨਾਲ ਲੱਗਦੇ ਖਾਲੀ ਥਾਂ 'ਤੇ 300 ਮੀਟਰ ਦੇ ਕਰੀਬ ਬਣਨ ਵਾਲਾ ਪੁਲ ਨਹੀਂ ਸੀ ਬਣਾ ਰਿਹਾ। ਇਸ ਕਰਕੇ ਦੋਵਾਂ ਦੇਸ਼ਾਂ ਦੇ ਵਿੱਚ ਪੁਲ ਦੀ ਉਸਾਰੀ ਨੂੰ ਲੈ ਕੇ ਪੇਚ ਫਸਿਆ ਹੋਇਆ ਸੀ।
ਦੱਸ ਦਈਏ ਕਿ ਪਾਕਿਸਤਾਨ ਹਰ ਵਾਰ ਮੀਟਿੰਗ ਦੇ ਵਿੱਚ ਭਾਰਤ ਨੂੰ ਕੋਈ ਨਾ ਕੋਈ ਬਹਾਨਾ ਦੇ ਕੇ ਪੁਲ ਦੇ ਕਾਰਜ ਵਿੱਚ ਰੁਕਾਵਟ ਪਾ ਦਿੰਦਾ ਸੀ ਜਦਕਿ ਭਾਰਤ ਦਾ ਤਰਕ ਇਹ ਸੀ ਕਿ ਜੇਕਰ ਰਾਵੀ ਦਰਿਆ ਵਿੱਚ ਪਾਣੀ ਜ਼ਿਆਦਾ ਆ ਜਾਵੇਗਾ ਤਾਂ ਦੋਵਾਂ ਦੇਸ਼ਾਂ ਵਿਚਾਲੇ ਕੋਰੀਡੋਰ ਸਬੰਧੀ ਜੋ ਰਸਤਾ ਬਣਿਆ ਹੈ ਇਹ ਰੁੜ੍ਹ ਜਾਵੇਗਾ, ਜਿਸ ਕਰਕੇ ਸੰਗਤ ਦੇ ਪਾਕਿਸਤਾਨ ਜਾਣ ਲਈ ਪੁਲ ਦੀ ਉਸਾਰੀ ਜ਼ਰੂਰੀ ਹੈ।
ਹੁਣ ਭਾਰਤ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਈ ਚਾਰ ਮੈਂਬਰੀ ਸਰਵੇ ਟੀਮ ਨੂੰ ਭਾਰਤ ਵੱਲੋਂ ਉਸਾਰੇ ਗਏ ਪੁਲ ਦੀ ਡਰਾਇੰਗ ਦਿਖਾਈ ਤੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਪੁੱਲ ਦਾ ਨਿਰਮਾਣ ਕਿਉਂ ਜ਼ਰੂਰੀ ਹੈ। ਨਾਹੀ ਦੇ ਅਧਿਕਾਰੀ ਡੀਜੀਐਮ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਹਾਂ ਪੱਖੀ ਮਾਹੌਲ ਵਿੱਚ ਹੋਈ ਹੈ। ਪਿਛਲੀਆਂ ਮੀਟਿੰਗਾਂ ਵਿੱਚ ਪਾਕਿਸਤਾਨ ਕੋਈ ਨਾ ਕੋਈ ਇਤਰਾਜ਼ ਜ਼ਰੂਰ ਜ਼ਾਹਿਰ ਕਰਦਾ ਸੀ ਪਰ ਇਸ ਵਾਰ ਪਾਕਿਸਤਾਨ ਨੇ ਹਾਂ ਪੱਖੀ ਰਵੱਈਆ ਦਿਖਾਇਆ ਹੈ।
ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਆਪਣੇ ਵਾਲੇ ਪਾਸੇ 208 ਮੀਟਰ ਤੋਂ 300 ਮੀਟਰ ਤੱਕ ਦਾ ਪੁਲ ਦਾ ਕੰਮ ਛੇਤੀ ਮੁਕੰਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇੱਕ ਮਹੀਨੇ ਦੇ ਵਿੱਚ ਸਾਰੀ ਡ੍ਰਾਇੰਗ ਫਾਈਨਲ ਹੋ ਜਾਵੇਗੀ ਤੇ ਇੱਕ ਸਾਲ ਦਰਮਿਆਨ ਪਾਕਿਸਤਾਨ ਵਾਲੇ ਪਾਸਿਓ ਪੁਲ ਦੇ ਨਿਰਮਾਣ ਦਾ ਕੰਮ ਤੇ ਇਸ ਨੂੰ ਜੋੜਨ ਦਾ ਕੰਮ ਮੁਕੰਮਲ ਹੋ ਜਾਵੇਗਾ।
ਪੁਲ ਸਬੰਧੀ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਮੀਟਿੰਗ ਦੁਬਾਰਾ ਹੋਣ ਦੀ ਵੀ ਉਮੀਦ ਹੈ।ਅੱਜ ਦੀ ਮੀਟਿੰਗ ਹਾਂ ਪੱਖੀ ਮਾਹੌਲ ਵਿੱਚ ਹੋਈ ਅਤੇ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਪਾਕਿਸਤਾਨ ਦੇ ਅਧਿਕਾਰੀ ਭਾਰਤ ਵਾਲੇ ਪਾਸੇ ਉਸਾਰੇ ਗਏ ਪੁਲ ਦੇ ਉੱਪਰ ਵੀ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904