ਚੰਡੀਗੜ੍ਹ: ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵੱਲੋਂ ਉੱਥੇ ਲੰਗਰ ਲਈ ਰਸਦ ਲੈ ਕੇ ਜਾਣ ਤੇ ਪਾਕਿਸਤਾਨ ਤੋਂ ਖ਼ਰੀਦਿਆ ਕੋਈ ਵੀ ਸਾਮਾਨ ਭਾਰਤ ਲਿਆਉਣ ’ਤੇ ਭਾਰਤੀ ਇਮੀਗ੍ਰੇਸ਼ਨ ਤੇ ਕਸਟਮ ਅਧਿਕਾਰੀਆਂ ਨੇ ਪਾਬੰਦੀ ਲਾ ਦਿੱਤੀ ਹੈ।


ਨਵੇਂ ਸਾਲ ਮੌਕੇ ਜੋ ਸੰਗਤਾਂ ਡੇਰਾ ਬਾਬਾ ਨਾਨਕ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਈਆਂ, ਉਨ੍ਹਾਂ ਕੋਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲੰਗਰ ਲਈ ਦਾਲ, ਚਾਹ ਪੱਤੀ, ਖੰਡ, ਸਬਜ਼ੀਆਂ ਤੇ ਹੋਰ ਪਦਾਰਥ ਸਨ ਪਰ ਭਾਰਤੀ ਇੰਟੀਗ੍ਰੇਟਿਡ ਚੈੱਕ ਪੋਸਟ ’ਤੇ ਕਸਟਮ ਵਿਭਾਗ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਸਾਮਾਨ ਪਾਕਿਸਤਾਨ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਾਰਨ ਸੰਗਤ ਨਿਰਾਸ਼ ਹੋ ਗਈ।

ਜਦੋਂ ਇਹ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਲਾਂਘੇ ’ਤੇ ਪੁੱਜੀਆਂ ਤਾਂ ਅਧਿਕਾਰੀਆਂ ਨੇ ਉਹ ਸਾਮਾਨ ਵੀ ਜ਼ਬਤ ਕਰ ਲਿਆ, ਜੋ ਸੰਗਤਾਂ ਕਰਤਾਰਪੁਰ ਸਾਹਿਬ ਨੇੜਿਓਂ ਖਰੀਦ ਕੇ ਲਿਆਈਆਂ ਸਨ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਸੰਗਤ ਨੇ ਦੱਸਿਆ ਕਿ ਸਿਰਫ਼ ਭਾਰਤ ਵਾਲੇ ਪਾਸੇ ਹੀ ਚੀਜ਼ਾਂ ਲਿਜਾਣ ਤੇ ਲਿਆਉਣ ’ਤੇ ਪਾਬੰਦੀ ਲਾਈ ਗਈ ਹੈ ਜਦਕਿ ਪਾਕਿਸਤਾਨ ਨੇ ਕਿਸੇ ਗੱਲ ’ਤੇ ਰੋਕ ਨਹੀਂ ਲਾਈ।

ਉਨ੍ਹਾਂ ਦੱਸਿਆ ਕਿ ਭਾਰਤੀ ਇੰਟੀਗ੍ਰੇਟਿਡ ਚੈੱਕ ਪੋਸਟ ’ਤੇ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਤੋਂ ਸਿਰਫ਼ ਪਿੰਨੀ ਪ੍ਰਸ਼ਾਦ ਹੀ ਲਿਆਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਸੰਗਤਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਵੇਂ ਪਾਕਿਸਤਾਨ ਤੋਂ ਸੰਗਤ ਵੱਲੋਂ ਕੁਝ ਵੀ ਖਰੀਦ ਕੇ ਲਿਆਉਣ ’ਤੇ ਪਾਬੰਦੀ ਲਾ ਦਿੱਤੀ ਜਾਵੇ ਪਰ ਲੰਗਰ ਲਈ ਰਸਦ ਲਿਜਾਣ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਵੇ।