ਪੁਲਿਸ ਨੇ ਦੱਸਿਆ ਕਿ ਮਨਿੰਦਰ ਸਿੰਘ ਖ਼ਿਲਾਫ਼ ਸਾਲ 2010 ’ਚ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ ਸੀ। ਉਸ ਨੂੰ ਇਸ ਕੇਸ ਵਿੱਚ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਪਰ ਉਹ ਹਾਈਕੋਰਟ ’ਚ ਅਪੀਲ ਦਾਇਰ ਕਰਕੇ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ।
ਦੱਸ ਦਈਏ ਕਿ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਦੇ ਹੋਟਲ ’ਚ ਨਵੇਂ ਸਾਲ ਵਾਲੀ ਰਾਤ ਲੜਕੀ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ (28) ਵਾਸੀ ਪਿੰਡ ਕਾਕੜਾ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਸੀ। ਉਹ ਮੁਹਾਲੀ ’ਚ ਨਰਸ ਸੀ।
ਪੁਲਿਸ ਮੁਤਾਬਕ 30 ਦਸੰਬਰ ਨੂੰ ਸਰਬਜੀਤ ਕੌਰ ਤੇ ਉਸ ਦੇ ਦੋਸਤ ਮਨਿੰਦਰ ਸਿੰਘ ਨੇ ਹੋਟਲ ’ਚ ਦੋ ਦਿਨਾਂ ਲਈ ਕਮਰਾ ਬੁੱਕ ਕਰਵਾਇਆ ਸੀ। ਉਨ੍ਹਾਂ ਨੇ ਬੁੱਧਵਾਰ ਨੂੰ ਕਮਰਾ ਦੁਪਹਿਰ 12 ਵਜੇ ਕਮਰਾ ਖਾਲੀ ਕਰਨਾ ਸੀ ਪਰ ਬਾਅਦ ਦੁਪਹਿਰ 1.30 ਵਜੇ ਤੱਕ ਉਨ੍ਹਾਂ ਦੇ ਬਾਹਰ ਨਾ ਆਉਣ ’ਤੇ ਹੋਟਲ ਸਟਾਫ਼ ਵੱਲੋਂ ਦਰਵਾਜ਼ਾ ਖੜਕਾਇਆ ਗਿਆ। ਕਾਫ਼ੀ ਦੇਰ ਅੰਦਰੋਂ ਕੋਈ ਜਵਾਬ ਨਾ ਮਿਲਣ ’ਤੇ ਹੋਟਲ ਸਟਾਫ਼ ਨੇ ਦੂਜੀ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਬੈੱਡ ’ਤੇ ਲੜਕੀ ਦੀ ਲਾਸ਼ ਪਈ ਸੀ।
ਹੋਟਲ ਰਿਕਾਰਡ ਅਨੁਸਾਰ ਸਰਬਜੀਤ ਕੌਰ 30 ਦਸੰਬਰ ਰਾਤ ਨੂੰ ਆਪਣੇ ਸਾਥੀ ਮਨਿੰਦਰ ਸਿੰਘ ਨਾਲ ਆਈ ਸੀ। ਉਸੇ ਰਾਤ 11.56 ਵਜੇ ਮਨਿੰਦਰ ਚਲਾ ਗਿਆ ਸੀ ਤੇ ਵਾਪਸ ਨਹੀਂ ਆਇਆ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਨਿੰਦਰ ਸਿੰਘ ਵਾਸੀ ਚੰਡੀਗੜ੍ਹ ਖ਼ਿਲਾਫ਼ ਸੈਕਟਰ 31 ਦੇ ਥਾਣੇ ’ਚ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਵਿਚਾਲੇ ਦੋ ਸਾਲਾਂ ਤੋਂ ਸਬੰਧ ਸਨ।