ਚੰਡੀਗੜ੍ਹ: ਕਰਤਾਰਪੁਰ ਲਾਂਘਾ ਘੋਲ੍ਹਣ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ਵੱਲ ਵੀ ਖੁੱਲ੍ਹਦਿਲੀ ਵਿਖਾਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਨੂੰ ਦੋਸਤੀ ਵੱਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਦੋਵਾਂ ਪਾਸਿਓਂ ਗਲਤੀਆਂ ਹੋਈਆਂ ਹਨ ਪਰ ਦੁਨੀਆ 'ਤੇ ਕੋਈ ਅਜਿਹਾ ਮਸਲਾ ਨਹੀਂ ਜਿਸ ਦਾ ਹੱਲ਼ ਨਾ ਹੋਵੇ। ਇਮਰਾਨ ਖ਼ਾਨ ਨੇ ਕਿਹਾ ਕਿ ਸਿਰਫ ਦੋਵਾਂ ਪਾਸੇ ਨੀਅਤ ਵਾਲੀ ਲੀਡਰਸ਼ਿਪ ਹੋਣੀ ਚਾਹੀਦੀ ਹੈ। ਇਮਰਾਨ ਨੇ ਭਾਰਤ ਨਾਲ ਦੋਸਤੀ ਦਾ ਹੱਥ ਵਧਾਉਂਦਿਆਂ ਕਿਹਾ ਕਿ ਭਾਰਤ-ਪਾਕਿਸਤਾਨ ਇਕਜੁੱਟ ਹੋਣ ਤੇ ਅੱਗੇ ਵਧਣ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਰਿਸ਼ਤੇ ਵਿੱਚ ਅੜਿੱਕਾ ਕਸ਼ਮੀਰ ਦਾ ਮਸਲਾ ਹੈ। ਇਹ ਬੈਠ ਕੇ ਹੱਲ ਹੋ ਸਕਦਾ ਹੈ। ਇਮਰਾਨ ਖਾਨ ਨੇ ਕਿਹਾ ਕਿ ਹਿੰਦੂਸਤਾਨ ਇੱਕ ਕਦਮ ਵਧਾਏ ਅਸੀਂ ਦੋ ਕਦਮੇ ਵਧਾਵਾਂਗੇ। ਕਿਹੜਾ ਮਸਲਾ ਦੋਸਤੀ ਨਾਲ ਹੱਲ ਨਹੀਂ ਹੁੰਦਾ। ਉਨ੍ਹਾਂ ਨੇ ਨਵਜੋਤ ਸਿੱਧੂ ਦਾ ਖਾਸ ਸਵਾਗਤ ਕਰਦਿਆਂ ਕਿਹਾ ਕਿ ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਆਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਧੂ ਨੇ ਪਾਕਿਤਸਾਨ ਆ ਕੇ ਕਿਹੜਾ ਗੁਨਾਹ ਕੀਤਾ ਹੈ? ਉਨ੍ਹਾਂ ਕਿਹਾ ਕਿ ਸਿੱਧੂ ਪਾਕਿਸਤਾਨ ਤੋਂ ਚੋਣ ਲੜਨ ਜਿੱਤ ਜਾਣਗੇ।