ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਬਾਗੀ ਧੜੇ ਨੇ ਤੀਜਾ ਮੰਚ ਉਸਾਰਨ ਲਈ ਸਰਗਰਮੀ ਵਿੱਢ ਦਿੱਤੀ ਹੈ। ਇਸ ਦੀ ਪਹਿਲ ਕਰਦਿਆਂ ਖਹਿਰਾ ਨੇ ਸਭ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਤੇ ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਮੁਖੀ ਡਾ. ਧਰਮਵੀਰ ਗਾਂਧੀ ਨਾਲ ਹੱਥ ਮਿਲਾਇਆ ਹੈ।
ਤੀਜਾ ਮੰਚ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਵੀ ਚੁਣੌਤੀ ਦੇਵੇਗਾ। ਇਸ ਮੰਚ ਨਾਲ ਕੁਝ ਪੰਥਕ ਤੇ ਕਮਿਊਨਿਸਟ ਪਾਰਟੀਆਂ ਤੋਂ ਇਲਾਵਾ ਬਸਪਾ ਵੀ ਆ ਸਕਦੀਆਂ ਹਨ। ਇਨ੍ਹਾਂ ਸਾਰੀਆਂ ਧਿਰਾਂ ਦਾ ਪੂਰੇ ਪੰਜਾਬ ਵਿੱਚ ਸਤਾਂ ਨਹੀਂ ਪਰ ਆਪਣੇ-ਆਪਣੇ ਹਲਕੇ ਵਿੱਚ ਆਧਾਰ ਹੈ। ਇਸ ਲਈ 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਤੀਜੇ ਮੰਚ ਦਾ ਅਸਰ ਵੇਖਿਆ ਜਾ ਸਕਦਾ ਹੈ।
ਬਾਗੀ ਖਹਿਰਾ ਧੜੇ ਵੱਲੋਂ ਬੈਂਸ ਭਰਾਵਾਂ ਤੇ ਡਾ. ਧਰਮਵੀਰ ਗਾਂਧੀ ਨਾਲ ਮਿਲ ਕੇ ਪੰਜਾਬ ਦੇ ਮੁੱਖ ਮੁੱਦਿਆਂ ਬਾਰੇ 8 ਤੋਂ 16 ਦਸੰਬਰ ਤਕ 9 ਦਿਨਾਂ ਇਨਸਾਫ਼ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਇਸ ਮਗਰੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਫ਼ੈਸਲਾ ਲਿਆ ਜਾਵੇਗਾ। ਇਨ੍ਹਾਂ ਧਿਰਾਂ ਨੇ 8 ਦਸੰਬਰ ਨੂੰ ਤਲਵੰਡੀ ਸਾਬੋ ਤੋਂ ਇਨਸਾਫ਼ ਮਾਰਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ 9 ਦਿਨਾਂ ਮਾਰਚ 16 ਦਸੰਬਰ ਨੂੰ ਪਟਿਆਲਾ ਵਿੱਚ ਸਮਾਪਤ ਹੋਵੇਗਾ।
ਖਹਿਰਾ ਤੇ ਡਾ. ਗਾਂਧੀ ਨੇ ਮੰਨਿਆ ਕਿ ਨਵੀਂ ਸਿਆਸੀ ਪਾਰਟੀ ਬਣਾਉਣ ਲਈ ਉਨ੍ਹਾਂ ਦੀਆਂ ਦੋ-ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। ਜਲਦੀ ਹੀ ਸੁੱਚਾ ਸਿੰਘ ਛੋਟੇਪੁਰ, ਜਗਮੀਤ ਸਿੰਘ ਬਰਾੜ ਤੇ ਹੋਰ ਪੰਜਾਬੀ ਹਿਤੈਸ਼ੀ ਧਿਰਾਂ ਨੂੰ ਨਾਲ ਲੈ ਕੇ ਨਵੀਂ ਸਿਆਸੀ ਪਾਰਟੀ ਉਸਾਰੀ ਜਾਵੇਗੀ।