ਗੁਰਦਾਸਪੁਰ: ਭਾਰਤ ਵਾਲੇ ਪਾਸੇ ਵੀਰਵਾਰ ਨੂੰ ਕਰਤਾਰਪੁਰ ਸਾਹਿਬ ਗਲਿਆਰੇ ਦੇ ਉਸਾਰੀ ਕਾਰਜ ਵੀ ਆਰੰਭ ਦਿੱਤੇ ਗਏ ਹਨ। ਕਿਸਾਨਾਂ ਤੋਂ ਜ਼ਮੀਨ ਐਕੁਆਇਰ ਕੀਤੇ ਜਾਣ ਮਗਰੋਂ ਅੱਜ ਉਸਾਰੀ ਸ਼ੁਰੂ ਕੀਤੀ ਗਈ। ਕੌਰੀਡੋਰ ਨੂੰ ਪਾਕਿਸਤਾਨ ਵਾਲੇ ਲਾਂਘੇ ਨਾਲ ਜੋੜਨ ਲਈ 200 ਫੁੱਟ ਚੌੜੀ ਸੜਕ ਉਸਾਰੀ ਜਾਣੀ ਹੈ।
ਨਿਰਮਾਣ ਕੰਪਨੀ ਦੇ ਸਹਿ-ਨਿਰਦੇਸ਼ਕ ਜਤਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਵੱਲੋਂ ਕੌਰੀਡੋਰ ਲਈ ਬਣਾਈ ਜਾਣ ਵਾਲੀ ਸੜਕ ਚਾਰ ਕਿਲੋਮੀਟਰ ਲੰਮੀ ਹੋਵੇਗੀ ਅਤੇ 200 ਫੁੱਟ ਚੌੜੀ ਹੋਵੇਗੀ। ਉਨ੍ਹਾਂ ਅੱਜ ਭੂਮੀ ਪੂਜਨ ਕਰ ਕੇ ਉਸਾਰੀ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ।
ਉਨ੍ਹਾਂ ਦੱਸਿਆ ਕਿ ਲੈਂਡਪੋਰਟ ਅਥਾਰਟੀ ਵੱਲੋਂ ਬਣਾਏ ਜਾਣ ਵਾਲੇ ਇੰਟੀਗ੍ਰੇਟਿਡ ਚੈੱਕ ਪੋਸਟ ਟਰਮੀਨਲ ਦੇ ਨਿਰਮਾਣ ਦੀ ਸ਼ੁਰੂਆਤ ਆਉਂਦੇ ਦਿਨਾਂ ਵਿੱਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ-ਪਾਕਿਸਤਾਨ ਦੀ ਕੰਡਿਆਲੀ ਤਾਰ ਦਰਮਿਆਨ ਪੁਲ ਵੀ ਉਸਾਰਿਆ ਜਾਵੇਗਾ, ਜਿਸ ਦਾ ਨਿਰਮਾਣ ਵੀ ਜਲਦ ਹੋਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਗਲਿਆਰੇ ਦੇ ਉਸਾਰੀ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ ਤੇ ਭਾਰਤ ਇਸ ਮਾਮਲੇ ਵਿੱਚ ਪੱਛੜ ਰਿਹਾ ਸੀ। ਹੁਣ ਭਾਰਤ ਨੇ ਵੀ ਕੌਰੀਡੋਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਕੌਰੀਡੋਰ ਬਾਰੇ ਦੋਵੇਂ ਦੇਸ਼ਾਂ ਵਿਚਾਲੇ ਬੈਠਕਾਂ ਦਾ ਦੌਰ ਰੁਕਿਆ ਹੋਇਆ ਹੈ। ਹੁਣ ਪਾਕਿਸਤਾਨ ਨੇ ਭਾਰਤ ਵੱਲੋਂ ਜਤਾਏ ਇਤਰਾਜ਼ ਦਰੁਸਤ ਕਰ ਦਿੱਤੇ ਹਨ, ਜਿਸ ਤੋਂ ਬਾਅਦ ਲਾਂਘੇ ਦੇ ਨਿਯਮਾਂ ਤੇ ਹੋਰ ਸ਼ਰਤਾਂ ਤੈਅ ਹੋਣ ਬਾਰੇ ਮੀਟਿੰਗਾਂ ਦਾ ਸਿਲਸਿਲਾ ਛੇਤੀ ਸ਼ੁਰੂ ਹੋਣ ਦੀ ਆਸ ਹੈ।