ਲਾਹੌਰ: ਭਾਰਤ ਦੇ ਇਤਰਾਜ਼ ਮਗਰੋਂ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਬਾਰੇ ਬਣੀ 10 ਮੈਂਬਰੀ ਕਮੇਟੀ 'ਤੇ ਰੋਕ ਲਾ ਦਿੱਤੀ ਹੈ। ਭਾਰਤ ਨੇ ਕਮੇਟੀ ਵਿੱਚ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਦੀ ਸ਼ਮੂਲੀਅਤ 'ਤੇ ਇਤਰਾਜ਼ ਜਤਾਇਆ ਸੀ। ਪਾਕਿਸਤਾਨ ਨੇ ਭਾਰਤ ਦੇ ਇਸ ਇਤਰਾਜ਼ ਬਾਅਦ 10 ਮੈਂਬਰੀ ਕਮੇਟੀ 'ਤੇ ਲਾਈ ਰੋਕ ਲਾ ਦਿੱਤੀ ਹੈ। ਪਾਕਿਸਤਾਨ ਹੁਣ ਨਵੀਂ ਕਮੇਟੀ ਕਾਇਮ ਕਰੇਗਾ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਬਾਰੇ 10 ਮੈਂਬਰੀ ਕਮੇਟੀ ਪਾਕਿਸਤਾਨ ਕੈਬਨਿਟ ਵੱਲੋਂ ਬਣਾਈ ਗਈ ਸੀ। ਇਸ ਕਮੇਟੀ ਵਿੱਚ ਕੁਝ ਵਿਵਾਦਤ ਨਾਂ ਸਾਹਮਣੇ ਆਏ ਸੀ ਜਿਨ੍ਹਾਂ 'ਚ ਗੋਪਾਲ ਸਿੰਘ ਚਾਵਲਾ ਵੀ ਸ਼ਾਮਲ ਹੈ। ਭਾਰਤ ਨੇ ਇਸ ਦੇ ਵਿਰੋਧ ਵਿੱਚ ਕਰਤਾਰਪੁਰ ਲਾਂਘੇ ਬਾਰੇ ਦੋ ਅਪ੍ਰੈਲ ਨੂੰ ਹੋਣ ਵਾਲੀ ਬੈਠਕ ਮੁਲਤਵੀ ਕਰ ਦਿੱਤੀ ਸੀ।
ਭਾਰਤ ਨੇ ਇਤਰਾਜ਼ ਜਤਾਇਆ ਸੀ ਕਿ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਾਕਿਸਤਾਨ ਵੱਲੋਂ ਗਠਿਤ 10 ਮੈਂਬਰੀ ਕਮੇਟੀ 'ਚ ਅੱਧੇ ਮੈਂਬਰ ਖ਼ਾਲਿਸਤਾਨ ਹਮਾਇਤੀ ਤੇ ਭਾਰਤ ਵਿਰੁੱਧ ਬੋਲਣ ਵਾਲੇ ਹਨ। ਇਨ੍ਹਾਂ ਰਿਪੋਰਟਾਂ ਮਗਰੋਂ 2 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹਦ 'ਤੇ ਹੋਣ ਵਾਲੀ ਅਗਲੀ ਬੈਠਕ ਨੂੰ ਟਾਲ ਦਿੱਤੀ ਗਿਆ ਸੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਕੋਲ ਆਪਣੀਆਂ ਸੁਰੱਖਿਆ ਚਿੰਤਾਵਾਂ ਨੂੰ ਸਾਂਝਾ ਕਰਦਿਆਂ ਜਵਾਬ ਮੰਗਿਆ ਸੀ।
ਚਾਵਲਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ। ਭਾਰਤ ਨੇ ਦਾਅਵਾ ਕੀਤਾ ਸੀ ਕਿ ਲਾਂਘੇ ਨੂੰ ਖੋਲ੍ਹਣ ਦੀ ਆਪਣੀ ਵਚਨਬੱਧਤਾ 'ਤੇ ਕਾਇਮ ਹੈ ਪਰ ਕੌਮੀ ਸੁਰੱਖਿਆ ਤੇ ਦੇਸ਼ ਦੀ ਅਖੰਡਤਾ ਨਾਲ ਜੁੜੀਆਂ ਚਿੰਤਾਵਾਂ ਸਭ ਤੋਂ ਉਪਰ ਹਨ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸੂਚਿਤ ਕੀਤਾ ਸੀ ਕਿ ਕੌਰੀਡੋਰ ਸਬੰਧੀ ਅਗਲੀ ਬੈਠਕ ਪਾਕਿਸਤਾਨ ਦੇ ਜਵਾਬ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ।