ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਕਰ ਵਸੂਲਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਨੇ ਕਈ ਅਮਰੀਕੀ ਉਤਪਾਦਾਂ 'ਤੇ 100 ਫੀਸਦ ਟੈਕਸ ਲਾਇਆ ਹੋਇਆ ਹੈ, ਜਿਨ੍ਹਾਂ ਵਿੱਚ ਹਾਰਲੇ ਡੇਵਿਡਸਨ ਮੋਟਰਸਾਈਕਲ ਵੀ ਸ਼ਾਮਲ ਹੈ। ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਇਸ ਬਾਰੇ ਗੱਲ ਵੀ ਕੀਤੀ ਸੀ, ਪਰ ਕੋਈ ਨਤੀਜਾ ਨਾ ਨਿੱਕਲਿਆ। ਹੁਣ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਮੋਦੀ ਤੋਂ ਉਨ੍ਹਾਂ ਦੇ 'ਯਾਰ' ਡੋਨਾਲਡ ਟਰੰਪ ਗੁੱਸੇ ਹੋ ਕੇ ਬਹਿ ਗਏ ਹਨ।


ਮੰਗਲਵਾਰ ਨੂੰ ਨੈਸ਼ਨਲ ਰਿਬਪਲਿਕਨ ਕਾਂਗਰਸੀ ਕਮੇਟੀ ਦੀ ਇਕੱਤਰਕਾ ਮੌਕੇ ਟਰੰਪ ਨੇ ਕਿਹਾ ਕਿ ਇੰਨਾ ਕਰ ਬਿਲਕੁਲ ਵੀ ਸਹੀ ਨਹੀਂ। ਟਰੰਪ ਦਾ ਦਾਅਵਾ ਹੈ ਕਿ ਭਾਰਤ 'ਟੈਰਿਫ ਕਿੰਗ' ਹੈ ਤੇ ਅਮਰੀਕੀ ਵਸਤੂਆਂ ਤੋਂ ਬੇਤਹਾਸ਼ਾ ਕਰ ਵਸੂਲਦਾ ਹੈ। ਟਰੰਪ ਦਾ ਕਹਿਣਾ ਹੈ ਕਿ ਭਾਰਤ ਬਹੁਤ ਸਾਈਕਲਾਂ ਦਾ ਨਿਰਮਾਣ ਕਰਦਾ ਹੈ ਤੇ ਅਸੀਂ 'ਤੇ ਕੋਈ ਵਸੂਲੀ ਨਹੀਂ ਕਰਦੇ। ਪਰ ਜਦ ਅਸੀਂ ਆਪਣਾ ਮੋਟਰਸਾਈਕਲ ਭੇਜਦੇ ਹਾਂ ਤਾਂ ਉਹ 100 ਫ਼ੀਸਦ ਕਰ ਠੋਕ ਦਿੰਦੇ ਹਨ, ਇਹ ਵਾਰੀ ਦਾ ਵੱਟਾ ਨਹੀਂ, ਇਹ ਸਹੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਰੈਸੀਪ੍ਰੋਕਲ ਟੈਕਸ ਮੁਹਿੰਮ (ਕਿਸੇ ਦੇਸ਼ ਦੀਆਂ ਵਸਤਾਂ 'ਤੇ ਓਨਾ ਹੀ ਕਰ ਲਾਉਣਾ ਜਿੰਨਾ ਉਹ ਅਮਰੀਕੀ ਵਸਤਾਂ 'ਤੇ ਲਾਉਂਦੇ ਹਨ, ਸੌਖੇ ਸ਼ਬਦਾਂ 'ਚ ਵਾਰੀ ਦਾ ਵੱਟਾ) ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਉਦੋਂ ਟਰੰਪ ਨੇ ਕਿਹਾ ਸੀ ਕਿ ਭਾਰਤ ਹਾਰਲੇ ਡੇਵਿਡਸਨ ਮੋਟਰਸਾਈਕਲ 'ਤੇ 100 ਦੀ ਬਜਾਏ 50 ਫ਼ੀਸਦ ਕਰ ਵਸੂਲੇਗਾ। ਹਾਲਾਂਕਿ, ਉਨ੍ਹਾਂ ਇਸ ਨੂੰ ਵੀ ਜਾਇਜ਼ ਨਹੀਂ ਸੀ ਦੱਸਿਆ ਪਰ ਸਹਿਣਯੋਗ ਕਰਾਰ ਦਿੱਤਾ ਸੀ।